ਜੰਗ ਦੀ ਤਿਆਰੀ 'ਚ ਅਮਰੀਕਾ-ਈਰਾਨ, ਜਾਣੋ ਭਾਰਤ 'ਤੇ ਕੀ ਪਵੇਗਾ ਅਸਰ? (ਵੀਡੀਓ)

01/08/2020 4:03:21 PM

ਵਾਸ਼ਿੰਗਟਨ (ਬਿਊਰੋ): ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਬਾਰੇ ਤਕਰੀਬਨ ਹਰ ਕੋਈ ਜਾਣੂ ਹੈ ਪਰ ਦੂਸਰੇ ਪਾਸੇ ਅਮਰੀਕਾ ਤੇ ਈਰਾਨ 'ਚ ਯੁੱਧ ਲੱਗਣ ਦੇ ਆਸਾਰ ਕਾਰਨ ਪੂਰੇ ਸੰਸਾਰ 'ਚ ਹੀ ਅੱਗ ਲੱਗਣ ਦਾ ਡਰ ਬਣਿਆ ਹੋਇਆ ਹੈ। ਅਮਰੀਕਾ ਵੱਲੋਂ ਕੀਤੇ ਈਰਾਨੀ ਜਰਨੈਲ ਕਾਸਿਮ ਸੁਲੇਮਾਨੀ ਦੇ ਕਤਲ ਮਗਰੋਂ ਦੋਵੇਂ ਦੇਸ਼, ਇੱਕ-ਦੂਜੇ ਨੂੰ ਧਮਕੀਆਂ ਦੇ ਰਹੇ ਹਨ। ਹੋਰ ਤੇ ਹੋਰ ਅਮਰੀਕੀ ਤੇ ਈਰਾਨ ਵਿਚਾਲੇ ਤਣਾਅ ਮਗਰੋਂ ਹਾਲਾਤ ਇਸ ਕਦਰ ਵਿਗੜ ਗਏ ਹਨ ਕਿ ਸੰਸਾਰ ਭਰ ਵਿਚ ਚਰਚਾ ਜ਼ੋਰਾਂ 'ਤੇ ਹੈ ਕਿ ਹੁਣ ਦੁਨੀਆ ਤੀਜੇ ਵਿਸ਼ਵ ਯੁੱਧ ਵੱਲ ਵੱਧ ਰਹੀ ਹੈ। ਇੱਥੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਜਿਥੇ ਹਿਰੋਸ਼ੀਮਾ, ਨਾਗਾਸਾਕੀ ਪਹਿਲਾਂ ਵਿਸ਼ਵ ਯੁੱਧ ਵਿਚ ਹੋਏ ਪਰਮਾਣੂ ਹਮਲੇ ਦੀ ਪੀੜ ਹਾਲੇ ਤੱਕ ਝੱਲ ਰਿਹਾ ਹੈ ਉਥੇ ਹੀ ਇਸ ਤੀਜੇ ਯੁੱਧ ਦਾ ਭਾਰਤ ਸਮੇਤ ਬਾਕੀ ਦੇਸ਼ਾਂ 'ਤੇ ਕੀ ਅਸਰ ਪਵੇਗਾ। ਇਸ ਬਾਰੇ ਅੱਜ ਅਸੀਂ ਇਕ ਖਾਸ ਰਿਪੋਰਟ ਪੇਸ਼ ਕਰ ਰਹੇ ਹਾਂ।  

ਅਮਰੀਕੀ ਹਮਲੇ ’ਚ ਈਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਅਮਰੀਕਾ ਅਤੇ ਈਰਾਨ 'ਚ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ, ਜਿਸਦੇ ਚਲਦੇ ਈਰਾਨ ਦੇ ਸ਼ਹਿਰ ਕੋਮ ਦੀ ਇੱਕ ਇਤਿਹਾਸਿਕ ਮਸਜਿਦ ਉੱਤੇ ਲਾਲ ਝੰਡਾ ਲਹਿਰਾ ਦਿੱਤਾ ਗਿਆ। ਦਰਅਸਲ ਈਰਾਨ ’ਚ ਲਾਲ ਝੰਡਾ ਲਹਿਰਾਉਣ ਦਾ ਮਤਲਬ ਬਦਲਾ ਲੈਣਾ ਜਾਂ ਖ਼ੂਨੀ ਜੰਗ ਦਾ ਸੰਕੇਤ ਹੈ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਈਰਾਨ ਨੇ ਆਪਣੇ ਵੱਲੋਂ ਅਮਰੀਕਾ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਈਰਾਨ ਦੁਆਰਾ ਬਦਲਾ ਲੈਣ ਲਈ ਇਰਾਕ ਦੀ ਰਾਜਧਾਨੀ ਬਗਦਾਦ ‘ਚ ਅਮਰੀਕੀ ਦੂਤਘਰ ‘ਤੇ ਇਕ ਬਾਰ ਫਿਰ ਤੋਂ ਦੋ ਰਾਕੇਟਾਂ ਨਾਲ ਹਮਲਾ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਯੂਐਸ ਅੰਬੈਸੀ ਅਤੇ ਬਾਲਡ ਏਅਰਬੇਸ 'ਤੇ ਚਾਰ ਰਾਕੇਟਾਂ ਨਾਲ ਹਮਲਾ ਕੀਤਾ ਗਿਆ ਸੀ। 

ਇਸ ਹਮਲੇ ਤੋਂ ਬਾਅਦ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਅਸੀਂ ਈਰਾਨ ਦੇ ਹਰ ਹਮਲੇ ਦਾ ਜਵਾਬ ਦੇਵਾਂਗੇ।ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਸਨੇ ਈਰਾਨ 'ਚ 52 ਥਾਵਾਂ ਦੀ ਚੋਣ ਕੀਤੀ ਹੈ ਅਤੇ ਜੇਕਰ ਈਰਾਨ ਆਪਣੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਉਨ੍ਹਾਂ ਠਿਕਾਣਿਆਂ 'ਤੇ ਬਹੁਤ ਤੇਜ਼ ਅਤੇ ਖ਼ਤਰਨਾਕ ਹਮਲਾ ਕਰਾਂਗੇ । ਜਿਸਦੇ ਚਲਦੇ ਪੂਰੇ ਮੁਲਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਰਿਹਾ ਹੈ। ਕਿਉਂਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸਦਾ ਅਸਰ ਇੱਕਲੇ ਅਮਰੀਕਾ ਜਾਂ ਈਰਾਨ 'ਤੇ ਹੀ ਨਹੀਂ ਹੋਵੇਗਾ ਸਗੋਂ ਸੰਸਾਰ ਦੇ ਬਹੁਤ ਸਾਰੇ ਮੁਲਕਾਂ ਨੂੰ ਆਰਥਿਕ ਪੱਖੋਂ ਇਸਦੀ ਮਾਰ ਝੱਲਣੀ ਪੈ ਸਕਦੀ ਹੈ ,ਖਾਸ ਕਰ ਭਾਰਤ ਨੂੰ।


ਅਸਲ ਵਿਚ ਭਾਰਤ ਦੀ ਅਰਥਵਿਵਸਥਾ ਪਹਿਲਾਂ ਹੀ ਡਾਵਾਂ ਡੋਲ ਹੋ ਰਹੀ ਹੈ ਤੇ ਦੂਸਰਾ ਭਾਰਤ ਦੇ ਇਹਨਾਂ ਦੋਹਾਂ ਹੀ ਮੁਲਕਾਂ ਨਾਲ ਚੰਗੇ ਸੰਬੰਧ ਹਨ ਜਿਸਦੇ ਚੱਲਦੇ ਭਾਰਤ ਵਲੋਂ ਦੋਹਾਂ ਦੇਸ਼ਾਂ ਨੂੰ ਵਾਰ-ਵਾਰ ਅਜਿਹੀ ਸਥਿਤੀ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਹੁਣ ਇਕ ਨਜ਼ਰ ਮਾਰਦੇ ਹਾਂ ਭਾਰਤ ਤੇ ਈਰਾਨ ਦਰਮਿਆਨ ਆਯਾਤ ਅਤੇ ਨਿਰਯਾਤ 'ਤੇ, ਨਾਲ ਹੀ ਦੇਖਦੇ ਹਾਂ ਕਿ ਜੇਕਰ ਕਿਸੇ ਵੀ ਤਰ੍ਹਾਂ ਈਰਾਨ-ਅਮਰੀਕਾ ਦਰਮਿਆਨ ਯੁੱਧ ਦੀ ਨੌਬਤ ਆ ਜਾਂਦੀ ਹੈ ਤਾਂ ਉਸਦਾ ਭਾਰਤ ਦੀ ਅਰਥਵਿਵਸਥਾ 'ਤੇ ਕਿਸ ਤਰ੍ਹਾਂ ਅਸਰ ਪੈ ਸਕਦਾ ਹੈ। 
 

ਭਾਰਤ / ਈਰਾਨ ਦਾ ਆਯਾਤ 
ਭਾਰਤ ਸਰਕਾਰ ਦੇ ਅੰਕੜਿਆਂ ਵੱਲ ਝਾਤ ਮਾਰੀਏ ਤਾਂ ਭਾਰਤ 'ਤੇ ਈਰਾਨ ਦੇ ਵਪਾਰਕ ਰਿਸ਼ਤੇ ਹਰ ਸਾਲ ਮਜ਼ਬੂਤੀ ਵੱਲ ਵੱਧ ਰਹੇ ਹਨ। ਗੌਰਤਲਬ ਹੈ ਭਾਰਤ ਨੇ ਸਾਲ 2017-18 'ਚ ਕੁੱਲ 465880.99 ਯੂ ਐੱਸ ਮਿਲੀਅਨ ਡਾਲਰ ਦਾ ਆਯਾਤ ਵੱਖੋ ਵੱਖ ਦੇਸ਼ਾਂ ਤੋਂ ਕੀਤਾ ਸੀ । ਜਦੋਂਕਿ ਸਾਲ 2018-19' ਚ 10.42 ਵਾਧੇ ਨਾਲ ਕੁੱਲ 5,14078.42  ਯੂ ਐੱਸ ਮਿਲੀਅਨ ਡਾਲਰ ਦੀਆਂ ਵੱਖੋ ਵੱਖ ਦੇਸ਼ਾਂ ਤੋਂ ਵਸਤੂਆਂ ਆਯਾਤ ਕੀਤੀਆਂ। ਜਿਸ 'ਚੋਂ ਭਾਰਤ ਨੇ ਸਾਲ 2017-18 'ਚ 11,111.52  ਯੂ ਐੱਸ ਮਿਲੀਅਨ ਡਾਲਰ ਦੀ ਕੀਮਤ ਦੀਆਂ ਵੱਖੋ ਵੱਖ ਵਸਤੂਆਂ ਇਕੱਲੇ ਈਰਾਨ ਤੋਂ ਆਯਾਤ ਕੀਤੀਆਂ।

ਜਦੋਂਕਿ ਸਾਲ 2018-19 'ਚ 21.73 ਵਾਧੇ ਨਾਲ 13,525.64  ਯੂ ਐਸ ਮਿਲੀਅਨ ਡਾਲਰ ਦੀ ਕੀਮਤ ਦੀਆਂ ਵੱਖੋ ਵੱਖ ਵਸਤੂਆਂ ਈਰਾਨ ਤੋਂ ਆਯਾਤ ਕੀਤੀਆਂ ਸਨ। ਜਿਸ 'ਚ ਮੁੱਖ ਤੌਰ 'ਤੇ ਕੱਚਾ ਤੇਲ ਤੇ ਗੈਸ ਸ਼ਾਮਿਲ ਹੈ।ਦੱਸ ਦਈਏ ਸਾਲ 2017 -18 'ਚ 9,232.61 ਯੂ ਐੱਸ ਮਿਲੀਅਨ ਡਾਲਰ ਦਾ ਇੱਕਲਾ ਕੱਚਾ ਤੇਲ, ਗੈਸ ਵਰਗੇ ਉਤਪਾਦ ਆਯਾਤ ਕੀਤੇ ਗਏ ਸਨ ਜੋ ਕਿ ਸਾਲ 2018-19 'ਚ ਇਹ ਆਯਾਤ 33.97 ਵੱਧ ਕੇ 12,369.07 ਯੂ ਐੱਸ ਮਿਲੀਅਨ ਡਾਲਰ ਹੋ ਗਿਆ। ਨਾਲ ਹੀ ਈਰਾਨ ਤੋਂ ਭਾਰਤ ਮੁੱਖ ਤੌਰ 'ਤੇ ਫਰਟੀਲਾਈਜ਼ਰ ਐਂਡ ਕੈਮੀਕਲ ਦੀ ਵੀ ਵੱਡੇ ਪੱਧਰ 'ਤੇ ਆਯਾਤ ਕਰਦਾ ਹੈ।
 

ਭਾਰਤ / ਇਰਾਨ ਦਾ ਨਿਰਯਾਤ    
ਕੁਝ ਇਸ ਤਰ੍ਹਾਂ ਹੀ ਭਾਰਤ ਵੀ ਈਰਾਨ ਨੂੰ ਦੇਸ਼ 'ਚ ਤਿਆਰ ਹੁੰਦੀਆਂ ਵਸਤੂਆਂ ਦਾ ਨਿਰਯਾਤ ਕਰਦਾ ਆ ਰਿਹਾ ਜਿਸ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ। ਦੱਸ ਦਈਏ ਈਰਾਨ ਨੂੰ ਕੀਤੇ ਜਾਣ ਵਾਲੇ ਨਿਰਯਾਤ ਵਿਚ ਅਨਾਜ, ਚਾਹ, ਕੌਫ਼ੀ, ਬਾਸਮਤੀ ਚਾਵਲ, ਮਸਾਲੇ ਅਤੇ ਆਰਗੇਨਿਕ ਕੈਮੀਕਲ ਵਰਗੇ ਉਤਪਾਦ ਸ਼ਾਮਲ ਹਨ ।ਭਾਰਤ ਨੇ ਸਾਲ 2017-18 'ਚ ਕੁੱਲ 303,526.16 ਯੂ ਐੱਸ ਮਿਲੀਅਨ ਡਾਲਰ ਦੀਆਂ ਵਸਤੂਆਂ ਵੱਖੋ ਵੱਖ ਮੁਲਕਾਂ ਨੂੰ ਨਿਰਯਾਤ ਕੀਤੀਆਂ । ਜਦੋਂਕਿ ਸਾਲ 2018-19' ਚ 8.75 ਪ੍ਰਤੀਸ਼ਤ ਦੇ ਵਾਧੇ ਨਾਲ ਕੁੱਲ 330,78.09  ਯੂ ਐੱਸ ਮਿਲੀਅਨ ਡਾਲਰ ਦਾ ਨਿਰਯਾਤ ਵੱਖੋ ਵੱਖ ਮੁਲਕਾਂ ਨਾਲ ਕੀਤਾ । ਜਿਸ ਚੋਂ ਇੱਕਲੇ ਈਰਾਨ ਨਾਲ ਸਾਲ 2017-18 'ਚ 2,652.37 ਯੂ ਐੱਸ ਮਿਲੀਅਨ ਡਾਲਰ ਦਾ ਨਿਰਯਾਤ ਕੀਤਾ ਜਦੋਂਕਿ ਸਾਲ 2018 -19 'ਚ 32.37 ਪ੍ਰਤੀਸ਼ਤ ਵਾਧੇ ਨਾਲ 3,511.01 ਯੂ ਐੱਸ ਮਿਲੀਅਨ ਡਾਲਰ ਦਾ ਨਿਰਯਾਤ ਈਰਾਨ ਨਾਲ ਕੀਤਾ ਗਿਆ । 

ਅਮਰੀਕਾ-ਈਰਾਨ ਯੁੱਧ ਦਾ ਭਾਰਤ 'ਤੇ ਅਸਰ 
ਅਮਰੀਕਾ-ਈਰਾਨ ਯੁੱਧ ਦਾ ਸਭ ਤੋਂ ਪਹਿਲਾਂ ਅਤੇ ਵੱਡਾ ਅਸਰ ਤੇਲ ਅਤੇ ਗੈਸ 'ਤੇ ਪਵੇਗਾ ਕਿਉਂਕਿ ਭਾਰਤ  ਈਰਾਨ ਤੋਂ ਇਹ ਦੋਨੋਂ ਹੀ ਚੀਜਾਂ ਵੱਡੇ ਪੱਧਰ 'ਤੇ ਆਯਾਤ ਕਰਦਾ ਹੈ। ਜਿਸਦਾ ਅਸਰ ਦਿਸਣਾ ਸ਼ੁਰੂ ਵੀ ਹੋ ਗਿਆ ਹੈ। 
- ਦੇਸ਼ ਦੀ ਜੀ.ਡੀ.ਪੀ ਪੁਆਇੰਟ 5 ਫ਼ੀਸਦੀ ਹੋਰ ਘੱਟ ਸਕਦੀ ਹੈ। 
- ਡਾਲਰ ਤੇ ਭਾਰਤੀ ਰੁਪਏ ਦੇ ਵਟਾਂਦਰੇ 'ਚ ਵੱਡਾ ਅੰਤਰ ਆ ਸਕਦਾ ਹੈ। 
- ਦੇਸ਼ ਦੇ CAD ਯਾਨੀ Current Account Deficit 'ਤੇ ਵੱਡਾ ਅਸਰ ਪੈ ਸਕਦਾ ਹੈ। ਸੋਖੇ ਸ਼ਬਦਾਂ 'ਚ ਭਾਰਤ ਨੂੰ ਵਪਾਰਕ ਘਾਟਾ ਪੈ ਸਕਦਾ ਹੈ। 
- ਭਾਰਤੀ ਮੂਲ ਦੇ 80 ਲੱਖ ਲੋਕ ਜਿਹੜੇ ਖਾੜੀ ਦੇਸ਼ਾਂ 'ਚ ਰਹਿੰਦੇ ਹਨ ਉਹਨਾਂ ਨੂੰ ਏਅਰ ਲਿਫ਼ਟ ਕਰਕੇ ਭਾਰਤ ਲਿਆਉਣਾ ਪੈ ਸਕਦਾ ਹੈ। 
- ਜੇਕਰ ਐਨਾ ਕੁਝ ਦੇਸ਼ 'ਚ ਵਾਪਰ ਜਾਵੇ ਤਾ ਮਹਿੰਗਾਈ ਹੋਣਾ ਸੁਭਾਵਿਕ ਗੱਲ ਹੋਵੇਗੀ ਜਿਸ ਨਾਲ ਦੇਸ਼ 'ਤੇ ਸੱਭ ਤੋਂ ਵੱਡੀ ਮਾਰ ਮਹਿੰਗਾਈ ਦੀ ਪੈ ਸਕਦੀ ਹੈ। ਜਿਥੇ ਪਹਿਲਾਂ ਹੀ ਦੇਸ਼ ਦੀ ਅਰਥਵਿਵਸਥਾ ਡਾਵਾਂ ਡੋਲ ਹੋ ਰਹੀ ਹੈ ਅਜਿਹੇ 'ਚ ਆਮ ਲੋਕਾਂ ਦੀ ਜੇਬ 'ਤੇ ਅਸਰ ਪੈਣਾ ਸੁਭਾਵਿਕ ਹੈ।  
- ਕੁੱਲ ਮਿਲਾ ਕੇ ਭਾਰਤ ਦੇ ਕਾਰੋਬਾਰੀ ਰਿਸ਼ਤਿਆਂ ਵਿਚ ਈਰਾਨ ਦੀ ਅਹਿਮ ਭੂਮਿਕਾ ਰਹੀ ਹੈ। ਜਿਸ ਕਾਰਨ ਯੁੱਧ ਹੋਣ ਦੀ ਸਥਿਤੀ 'ਚ ਉਸ 'ਤੇ ਵੀ ਅਸਰ ਪੈ ਸਕਦਾ ਹੈ। 

ਦੂਸਰੇ ਪਾਸੇ ਸਿਆਸੀ ਪੰਡਤ ਇਸ ਨੂੰ ਰਾਜਨੀਤੀ ਨਾਲ ਵੀ ਜੋੜ ਕੇ ਦੇਖ ਰਹੇ ਹਨ ਕਿਉਂਕਿ ਅਮਰੀਕਾ 'ਚ ਵੋਟਾਂ ਜਲਦ ਹੋਣ ਜਾ ਰਹੀਆਂ ਹਨ ਤੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਭ ਅਮਰੀਕਾ ਦੇ ਰਾਸ਼ਟਪਤੀ ਡੋਨਾਲਡ ਟਰੰਪ ਵਲੋਂ ਸਿਆਸੀ ਫ਼ਾਇਦਾ ਲੈਣ ਲਈ ਕੀਤਾ ਜਾ ਰਿਹਾ ਹੈ।
 


Vandana

Content Editor

Related News