ਕੈਲੀਫੋਰਨੀਆ 'ਚ ਦੋ ਸਿੱਖਾਂ ਦੇ ਕਤਲ ਮਾਮਲੇ ਨੂੰ ਸੁਲਝਾਉਣ ਲਈ ਮੁੜ ਛਾਣਬੀਣ ਸ਼ੁਰੂ

11/14/2019 10:48:20 AM

ਸੈਕਰਾਮੈਂਟੋ (ਰਾਜ ਗੋਗਨਾ): ਮਾਰਚ 2011 'ਚ ਕੈਲੀਫੋਰਨੀਆ ਸੂਬੇ ਦੇ ਐਲਕ ਗਰੋਵ ਸਿਟੀ ਵਿਖੇ 2 ਸਿੱਖ ਬਜ਼ੁਰਗਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਤਕਰੀਬਨ ਸਾਢੇ 8 ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਕਤਲ ਦੀ ਗੁੱਥੀ ਹਾਲੇ ਤੱਕ ਸੁਲਝ ਨਹੀਂ ਸਕੀ। ਐਲਕ ਗਰੋਵ ਸਿਟੀ ਦੇ ਨਵੇਂ ਪੁਲਿਸ ਮੁਖੀ ਟਿਮਥੀ ਐਲਬਰਾਇਟ ਨੇ 72 ਸਾਲਾ ਗੁਰਮੇਜ ਸਿੰਘ ਅਟਵਾਲ ਅਤੇ 65 ਸਾਲਾ ਸੁਰਿੰਦਰ ਸਿੰਘ ਦੇ ਇਸ ਅਣਸੁਲਝੇ ਕੇਸ ਨੂੰ ਇਕ ਵਾਰ ਫਿਰ ਤੋਂ ਆਪਣੇ ਹੱਥ ਵਿਚ ਲਿਆ ਹੈ। ਇਸ ਦੀ ਦੁਬਾਰਾ ਤੋਂ ਬਾਰੀਕੀ ਨਾਲ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ। 

ਪਿਛਲੇ ਦਿਨੀਂ ਪੁਲਿਸ ਮੁਖੀ ਨੇ ਇਲਾਕੇ ਦੇ ਸਿੱਖ ਆਗੂਆਂ ਨੂੰ ਸੱਦ ਕੇ ਇਕ ਮੀਟਿੰਗ ਕੀਤੀ ਅਤੇ ਇਸ ਕੇਸ ਨੂੰ ਦੁਬਾਰਾ ਖੋਲ੍ਹੇ ਜਾਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਇਨ੍ਹਾਂ ਆਗੂਆਂ ਵਿਚ ਗੁਰਜਤਿੰਦਰ ਸਿੰਘ ਰੰਧਾਵਾ (ਕਮਿਸ਼ਨਰ), ਬੌਬੀ ਸਿੰਘ ਐਲਨ, ਲਖਬੀਰ ਸਿੰਘ ਔਜਲਾ (ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ), ਅਵਤਾਰ ਸਿੰਘ ਅਟਵਾਲ (ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ), ਗੁਰਪ੍ਰੀਤ ਸਿੰਘ ਚਾਹਲ ਤੇ ਦਵਿੰਦਰ ਸਿੰਘ ਝਾਵਰ ਵੀ ਸ਼ਾਮਲ ਸਨ।ਪੁਲਿਸ ਮੁਖੀ ਨੇ ਦੱਸਿਆ ਕਿ ਹੁਣ ਜ਼ਮਾਨਾ ਬਦਲ ਗਿਆ ਹੈ ਤੇ ਨਵੀਂ ਤਕਨਾਲੋਜੀ ਰਾਹੀਂ ਇਨ੍ਹਾਂ ਕਤਲਾਂ ਦੀ ਗੁੱਥੀ ਨੂੰ ਸੁਲਝਾਉਣ ਵਿਚ ਮਦਦ ਮਿਲੇਗੀ।

ਜ਼ਿਕਰਯੋਗ ਹੈ ਕਿ ਗੁਰਮੇਜ ਸਿੰਘ ਅਟਵਾਲ ਅਤੇ ਸੁਰਿੰਦਰ ਸਿੰਘ ਨੂੰ ਉਸ ਵੇਲੇ ਗੋਲੀਆਂ ਮਾਰੀਆਂ ਗਈਆਂ, ਜਦੋਂ ਉਹ ਈਸਟ ਸਟਾਕਟਨ ਬੁੱਲ੍ਹੇਵਾਰਡ ਅਤੇ ਜਨੇਵਾ ਪੁਆਇੰਟ ਡਰਾਈਵ 'ਤੇ ਸੈਰ ਕਰ ਰਹੇ ਸਨ। ਇਸ ਵਾਰਦਾਤ ਤੋਂ ਬਾਅਦ ਸੁਰਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਗੁਰਮੇਜ ਸਿੰਘ ਅਟਵਾਲ ਤਕਰੀਬਨ 6 ਹਫਤਿਆਂ ਬਾਅਦ ਹਸਪਤਾਲ ਵਿਚ ਦਮ ਤੋੜ ਗਏ। ਉਸ ਵਕਤ ਸਿੱਖ ਭਾਈਚਾਰੇ ਤੋਂ ਇਲਾਵਾ ਸਥਾਨਕ ਅਮਰੀਕੀ ਲੋਕ ਵੀ ਇਸ ਘਟਨਾ ਦੇ ਖਿਲਾਫ ਇਕੱਠੇ ਹੋਏ ਸਨ ਅਤੇ ਰਲ ਕੇ ਕਾਤਲਾਂ ਨੂੰ ਫੜਨ ਦੀ ਆਵਾਜ਼ ਉਠਾਈ ਸੀ। ਉਸ ਸਮੇਂ ਕੇਸ ਨੂੰ ਸੁਲਝਾਉਣ ਲਈ 56 ਹਜ਼ਾਰ ਡਾਲਰ ਦੇ ਕਰੀਬ ਰਾਸ਼ੀ ਇਕੱਤਰ ਕੀਤੀ ਗਈ ਸੀ। ਪੁਲਿਸ ਚੀਫ ਨੇ ਆਮ ਲੋਕਾਂ ਨੂੰ ਵੀ ਇਸ ਕੇਸ ਬਾਰੇ ਐਲਕ ਗਰੋਵ ਪੁਲਿਸ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਦੱਸਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।


Vandana

Content Editor

Related News