ਵਿਗਿਆਨੀਆਂ ਦੀ ਚਿਤਾਵਨੀ : ਕੋਰੋਨਾ ਨਾਲ ਨਜਿੱਠਣ ਲਈ 2 ਸਾਲ ਤੱਕ ਪਾਬੰਦੀਆਂ ਜ਼ਰੂਰੀ

04/15/2020 6:08:14 PM

ਵਾਸ਼ਿੰਗਟਨ (ਬਿਊਰੋ): ਕੋਵਿਡ-19 ਦੇ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਹੋ ਚੁੱਕੇ ਹਨ। ਇਸ ਮਹਾਮਾਰੀ ਨਾਲ ਅਮਰੀਕਾ, ਇਟਲੀ, ਸਪੇਨ, ਫਰਾਂਸ, ਜਰਮਨੀ ਆਦਿ ਦੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਭਾਰਤ ਵਿਚ 21 ਦਿਨਾਂ ਦਾ ਲਾਕਡਾਊਨ ਦੇ ਖਤਮ ਹੋਣ ਦੇ ਬਾਅਦ ਇਸ ਨੂੰ 3 ਮਈ ਤੱਕ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਮਾਜਿਕ ਦੂਰੀ ਦੇ ਨਿਯਮ ਹੋਰ ਵੀ ਸਖਤ ਕਰ ਦਿੱਤੇ ਗਏ ਹਨ। ਕਈ ਦੇਸ਼ਾਂ ਨੂੰ ਆਸ ਹੈ ਕਿ ਲਾਕਡਾਊਨ ਅਤੇ ਸਮਾਜਿਕ ਦੂਰੀ ਦੇ ਨਾਲ ਉਹ ਕੁਝ ਮਹੀਨਿਆਂ ਦੇ ਅੰਦਰ ਇਸ ਮੁਸ਼ਕਲ ਸਮੇਂ ਵਿਚੋਂ ਬਾਹਰ ਨਿਕਲ ਆਉਣਗੇ।

ਕੋਰੋਨਾਵਾਇਰਸ ਦੀ ਦੂਜੀ ਲਹਿਰ ਹੋ ਸਕਦੀ ਹੈ ਭਿਆਨਕ
ਭਾਵੇਂਕਿ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਇਨਫੈਕਸ਼ਨ ਦੀ ਰੋਕਥਾਮ ਲਈ ਸਾਲ 2022 ਤੱਕ ਸਮਾਜਿਕ ਦੂਰੀ ਦਾ ਸਹਾਰਾ ਲੈਣਾ ਪੈ ਸਕਦਾ ਹੈ। ਨਵੇਂ ਅਧਿਐਨ ਵਿਚ ਸ਼ੋਧ ਕਰਤਾਵਾਂ ਨੇ ਕਿਹਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਕੋਰੋਨਾਵਾਇਰਸ ਫਿਰ ਤੋਂ ਤਬਾਹੀ ਮਚਾ ਸਕਦਾ ਹੈ। ਜਰਨਸ ਸਾਈਂਸ ਵਿਚ ਪ੍ਰਕਾਸ਼ਿਤ ਹੋਏ ਸ਼ੋਧ ਵਿਚ ਕਿਹਾ ਗਿਆ ਹੈ ਕਿ ਸਿਰਫ ਇਕ ਵਾਰ ਲਾਕਡਾਊਨ ਕਰਨ ਨਾਲ ਮਹਾਮਾਰੀ 'ਤੇ ਕੰਟਰੋਲ ਪਾਉਣਾ ਮੁਸ਼ਕਲ ਹੈ। ਰੋਕਥਾਮ ਦੇ ਉਪਾਆਂ ਦੇ ਬਿਨਾਂ ਕੋਰੋਨਾਵਾਇਰਸ ਦੀ ਦੂਜੀ ਲਹਿਰ ਭਿਆਨਕ ਹੋ ਸਕਦੀ ਹੈ। ਹਾਵਰਡ ਯੂਨੀਵਰਸਿਟੀ ਵਿਚ ਮਹਾਮਾਰੀ ਦੇ ਮਾਹਰ ਅਤੇ ਅਧਿਐਨ ਦੇ ਲੇਖਕ ਮਾਰਕ ਲਿਪਸਿਚ ਨੇ ਕਿਹਾ,''ਇਨਫੈਕਸ਼ਨ ਦੋ ਚੀਜ਼ਾਂ ਹੋਣ 'ਤੇ ਫੈਲਦਾ ਹੈ-ਇਕ ਇਨਫੈਕਟਿਡ ਵਿਅਕਤੀ ਅਤੇ ਦੂਜਾ ਕਮਜ਼ੋਰ ਇਮਿਊਨ ਵਾਲੇ ਲੋਕਾਂ ਜ਼ਰੀਏ। ਜਦੋਂ ਤੱਕ ਕਿ ਦੁਨੀਆ ਦੀ ਜ਼ਿਆਦਾਤਰ ਆਬਾਦੀ ਵਿਚ ਵਾਇਰਸ ਦੇ ਵਿਰੁੱਧ ਪ੍ਰਤੀਰੋਧਕ ਸਮਰੱਥਾ ਵਿਕਸਿਤ ਨਹੀਂ ਹੋ ਜਾਂਦੀ ਉਦੋਂ ਤੱਕ ਵੱਡੀ ਆਬਾਦੀ ਦੇ ਇਸ ਦੀ ਚਪੇਟ ਵਿਚ ਆਉਣ ਦਾ ਖਦਸ਼ਾ ਬਣਿਆ ਰਹੇਗਾ।''

ਸਰਕਾਰ ਵੱਲੋਂ ਸਖਤੀ ਜ਼ਰੂਰੀ
ਵੈਕਸੀਨ ਜਾਂ ਇਲਾਜ ਨਾ ਲੱਭ ਪਾਉਣ ਦੀ ਸਥਿਤੀ ਵਿਚ 2025 ਵਿਚ ਕੋਰੋਨਾਵਾਇਰਸ ਫਿਰ ਤੋਂ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿਚ ਲੈ ਸਕਦਾ ਹੈ। ਮਹਾਮਾਰੀ ਮਾਹਰ ਮਾਰਕ ਦਾ ਕਹਿਣਾ ਹੈ ਕਿ ਵਰਤਮਾਨ ਵਿਚ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਦੀ ਸਥਿਤੀ ਨੂੰ ਦੇਖਦੇ ਹੋਏ 2020 ਦੀ ਗਰਮੀ ਤੱਕ ਮਹਾਮਾਰੀ ਦੇ ਅੰਤ ਦੀ ਭਵਿੱਖਬਾਣੀ ਕਰਨਾ ਸਹੀ ਨਹੀਂ ਹੈ। ਯੂਕੇ ਸਰਕਾਰ ਦੀ ਵਿਗਿਆਨੀ ਸਲਾਹਕਾਰ ਕਮੇਟੀ ਨੇ ਸੁਝਾਅ ਦਿੱਤਾ ਸੀ ਕਿ ਹਸਪਤਾਲਾਂ 'ਤੇ ਮਰੀਜ਼ਾਂ ਦਾ ਬੋਝ ਵਧਣ ਤੋਂ ਰੋਕਣ ਲਈ ਲੰਬੇ ਸਮੇਂ ਤੱਕ ਸਰੀਰਕ ਦੂਰੀ ਬਣਾਈ ਰੱਖਣ ਦੀ ਲੋੜ ਹੈ। ਕਮੇਟੀ ਨੇ ਕਿਹਾ ਕਿ ਦੇਸ਼ ਵਿਚ ਕਰੀਬ ਇਕ ਸਾਲ ਤੱਕ ਸਰਕਾਰ ਨੂੰ ਕਦੇ ਸਖਤੀ ਨਾਲ ਤਾਂ ਕਦੇ ਥੋੜ੍ਹੀ ਢਿੱਲ ਦੇ ਨਾਲ ਸਮਾਜਿਕ ਦੂਰੀ ਦੇ ਨਿਯਮ ਜਾਰੀ ਰੱਖਣੇ ਚਾਹੀਦੇ ਹਨ।

ਪੜ੍ਹੋ ਇਹ ਅਹਿਮ ਖਬਰ- ਰੂਸ : ਇਕ ਦਿਨ 'ਚ ਰਿਕਾਰਡ 3,300 ਤੋਂ ਵਧੇਰੇ ਮਾਮਲੇ, ਮਰੀਜ਼ਾਂ ਦੀ ਗਿਣਤੀ 25,000 ਦੇ ਕਰੀਬ

ਇਸ ਕਾਰਨ ਮਹਾਮਾਰੀ ਦੀ ਹੋ ਸਕਦੀ ਹੈ ਵਾਪਸੀ
ਸ਼ੋਧ ਦੇ ਮੁਤਾਬਕ ਨਵੇਂ ਇਲਾਜ, ਵੈਕਸੀਨ ਦੇ ਆਉਣ ਅਤੇ ਸਿਹਤ ਸਹੂਲਤਾਂ ਬਿਹਤਰ ਹੋਣ ਦੀ ਸਥਿਤੀ ਵਿਚ ਸਰੀਰਕ ਦੂਰੀ ਲਾਜ਼ਮੀ ਨਹੀਂ ਰਹਿ ਜਾਵੇਗੀ ਪਰ ਇਹਨਾਂ ਦੀ  ਗੈਰ ਮੌਜੂਦਗੀ ਵਿਚ ਦੇਸ਼ਾਂ ਨੂੰ 2022 ਤੱਕ ਸਰਵੀਲਾਂਸ ਅਤੇ ਸਰੀਰਕ ਦੂਰੀ ਲਾਗੂ ਕਰਨੀ ਪੈ ਸਕਦੀ ਹੈ। ਸ਼ੇਧ ਕਰਤਾਵਾਂ ਨੇ ਕਿਹਾ ਕਿ ਕੋਰੋਨਾਵਾਇਰਸ ਇਨਫੈਕਸ਼ਨ ਨੂੰ ਲੈ ਕੇ ਹਾਲੇ ਤੱਕ ਕਈ ਰਹੱਸ ਹੱਲ ਨਹੀਂ ਹੋਏ ਹਨ। ਅਜਿਹੇ ਵਿਚ ਬਹੁਤ ਲੰਬੇ ਸਮੇਂ ਤੱਕ ਇਸ ਦੀ ਸਹੀ ਭਵਿੱਖਬਾਣੀ ਕਰ ਪਾਉਣਾ ਮੁਸ਼ਕਲ ਹੈ। ਜੇਕਰ ਲੋਕਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਸਥਾਈ ਹੋ ਜਾਂਦੀ ਹੈ ਤਾਂ ਕੋਰੋਨਾਵਾਇਰਸ 5 ਸਾਲ ਜਾਂ ਉਸ ਨਾਲੋਂ ਜ਼ਿਆਦਾ ਸਮੇਂ ਲਈ ਗਾਇਬ ਹੋ ਜਾਵੇਗਾ। ਜੇਕਰ ਲੋਕਾਂ ਦੀ ਇਮਿਨਿਊਟੀ ਸਿਰਫ ਇਕ ਸਾਲ ਤੱਕ ਕਾਇਮ ਰਹਿੰਦੀ ਹੈ ਤਾਂ ਬਾਕੀ ਕੋਰੋਨਾਵਾਇਰਸਾਂ ਦੀ ਤਰ੍ਹਾਂ ਸਲਾਨਾ ਤੌਰ 'ਤੇ ਇਸ ਮਹਾਮਾਰੀ ਦੀ ਵਾਪਸੀ ਹੋ ਸਕਦੀ ਹੈ।

ਵੈਕਸੀਨ ਬਣਨ ਤੱਕ ਸਾਵਧਾਨੀ ਜ਼ਰੂਰੀ
ਸ਼ੋਧਕਰਤਾ ਲਿਪਸਿਚ ਨੇ ਕਿਹਾ,''ਇਸ ਗੱਲ ਦੀਆਂ ਜ਼ਿਆਦਾ ਸੰਭਾਵਨਾਵਾਂ ਹਨ ਕਿ ਦੁਨੀਆ ਨੂੰ ਕਰੀਬ ਇਕ ਸਾਲ ਲਈ ਅੰਸ਼ਕ ਸੁਰੱਖਿਆ ਹਾਸਲ ਹੋ ਜਾਵੇ ਜਦਕਿ ਵਾਇਰਸ ਦੇ ਵਿਰੁੱਧ ਪੂਰੀ ਤਰ੍ਹਾ ਸੁਰੱਖਿਆ ਹਾਸਲ ਕਰਨ ਲਈ ਕਈ ਸਾਲ ਹੋਰ ਲੱਗ ਸਕਦੇ ਹਨ।ਫਿਲਹਾਲ ਅਸੀਂ ਸਿਰਫ ਅੰਦਾਜਾ ਹੀ ਲਗਾ ਸਕਦੇ ਹਾਂ। ਸਾਰੇ ਹਾਲਾਤਾਂ ਵਿਚ ਇਹ ਗੱਲ ਤੈਅ ਹੈ ਕਿ ਇਕ ਵਾਰ ਦਾ ਲਾਕਡਾਊਨ ਕੋਰੋਨਾ ਨੂੰ ਖਤਮ ਕਰਨ ਲਈ ਕਾਫੀ ਨਹੀਂ ਹੋਵੇਗਾ। ਪਾਬੰਦੀਆਂ ਹਟਦੇ ਹੀ ਕੋਰੋਨਾਵਾਇਰਸ ਦਾ ਇਨਫੈਕਸਨ ਫਿਰ ਤੋਂ ਫੈਲ ਜਾਵੇਗਾ।'' ਦੁਨੀਆ ਭਰ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਵੈਕਸੀਨ ਨਾ ਬਣਨ ਤੱਕ ਕੋਰੋਨਾਵਾਇਰਸ ਨਾਲ ਪੂਰੀ ਤਰ੍ਹਾਂ ਛੁਟਕਾਰਾ ਪਾਉਣਾ ਮੁਸ਼ਕਲ ਹੈ। ਅਮਰੀਕਾ ਕੋਰੋਨਾਵਾਇਰਸ ਟਾਸਕ ਫੋਰਸ ਦੇ ਮੈਂਬਰ ਡਾਕਟਰ ਐਨਥਨੀ ਫਾਉਚੀ ਨੇ ਵੀ ਕਿਹਾ ਹੈ ਕਿ ਕੋਰੋਨਾਵਾਇਰਸ ਨੂੰ ਜੜ ਤੋਂ ਖਤਮ ਕਰਨਾ ਦੁਨੀਆ ਲਈ ਇੰਨਾ ਆਸਾਨ ਨਹੀਂ ਹੋਵੇਗਾ।

ਪੜ੍ਹੋ ਇਹ ਅਹਿਮ ਖਬਰ- ਦੂਜੇ ਵਿਸ਼ਵ ਯੁੱਧ ਦੇ 99 ਸਾਲਾ ਫੌਜੀ ਨੇ ਜਿੱਤੀ ਕੋਰੋਨਾ ਤੋਂ ਜੰਗ

Vandana

This news is Content Editor Vandana