ਮਾਣ ਦੀ ਗੱਲ, ਅਮਰੀਕਾ ਦੀ ਧਰਤੀ 'ਤੇ ਬਾਬਾ ਸਾਹਿਬ ਅੰਬੇਡਕਰ ਦੇ ਨਾਂ 'ਤੇ ਰੱਖਿਆ ਗਿਆ 'ਚੌਰਾਹੇ' ਦਾ ਨਾਮ (ਤਸਵੀਰਾਂ)

06/28/2023 12:41:26 PM

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਬਾਬਾ ਸਾਹਿਬ ਬੀ.ਆਰ. ਅੰਬੇਡਕਰ ਜੀ ਦੇ 132ਵੇਂ ਜਨਮ ਦਿਹਾੜਾ 'ਤੇ ਨਿਊਯਾਰਕ ਵਿਖੇ ਉਹਨਾਂ ਦੇ ਨਾਂ 'ਤੇ ਇਕ 'ਚੌਰਾਹੇ' ਨੂੰ ਨਾਮ ਦੇ ਕੇ ਨਿਊਯਾਰਕ ਦੀ ਧਰਤੀ 'ਤੇ ਉਹਨਾਂ ਦਾ ਸਨਮਾਨ ਕੀਤਾ ਗਿਆ। ਉਹਨਾਂ ਦੇ ਨਾਂ ਤੇ ਇੱਕ ਸਟਰੀਟ ਪਲੇਟ ਲਗਾਈ ਗਈ, ਜਿਸ 'ਤੇ 'ਡਾ. ਬੀਆਰ ਅੰਬੇਡਕਰ ਵੇਅ' ਲਿਖਿਆ ਗਿਆ ਹੈ, ਜੋ ਬ੍ਰਾਡਵੇਅ ਅਤੇ 61ਵੀਂ ਸਟਰੀਟ ਦੇ ਚੌਰਾਹੇ 'ਤੇ ਸਥਾਪਿਤ ਕੀਤੀ ਗਈ। ਬੀਤੇ ਦਿਨੀਂ 25 ਜੂਨ ਦਿਨ ਐਤਵਾਰ ਨੂੰ ਨਿਊਯਾਰਕ ਵਿੱਚ ਸੈਂਕੜੇ ਲੋਕ ਇਕੱਠੇ ਹੋਏ ਅਤੇ ਚੌਰਾਹੇ ਦਾ ਨਾਮ ਡਾ. ਬੀ.ਆਰ. ਅੰਬੇਡਕਰ ਦੇ ਨਾਂ 'ਤੇ ਰੱਖੇ ਜਾਣ ਵਾਲੇ ਸਮਾਗਮ ਵਿੱਚ ਹਿੱਸਾ ਲੈਣ ਲਈ ਪੁੱਜੇ। ਇਸ ਮੌਕੇ 'ਡਾ. ਬੀਆਰ ਅੰਬੇਡਕਰ ਵੇਅ ਨੂੰ 'ਜੈ ਭੀਮ' ਦੇ ਨਾਅਰਿਆਂ ਨਾਲ ਕਵੀਨਜ਼ ਦੇ ਵੁੱਡਸਾਈਡ ਵਿੱਚ ਬ੍ਰੌਡਵੇਅ ਅਤੇ 61ਵੀਂ ਸਟਰੀਟ ਦੇ ਚੌਰਾਹੇ 'ਤੇ ਲਗਾਇਆ ਗਿਆ।

ਜਿਥੇ ਇਸ ਸਮਾਗਮ ਵਿੱਚ ਉਹਨਾਂ ਦੇ ਨਿਊਯਾਰਕ ਵਿੱਚ ਵੱਸਦੇ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ, ਉੱਥੇ ਇਸ ਸਮਾਗਮ ਵਿੱਚ ਨਿਊਯਾਰਕ ਸਿਟੀ ਕੌਂਸਲ ਦੀ ਮੈਂਬਰ ਜੂਲੀ ਵੌਨ, ਕਾਂਗਰਸ ਵੂਮੈਨ ਗ੍ਰੇਸ ਮੇਂਗ, ਨਿਊਯਾਰਕ ਸਟੇਟ ਅਸੈਂਬਲੀ ਮੈਂਬਰ ਸਟੀਵਨ ਰਾਗਾ ਅਤੇ ਨਿਊਯਾਰਕ ਰਾਜ ਦੇ ਸੈਨੇਟਰ ਮਾਈਕਲ ਗਿਆਨਾਰਿਸ ਅਤੇ ਕੌਸਲੇਟ ਜਨਰਲ ਆਫ ਇੰਡੀਆ ਨਿਊਯਾਰਕ ਸਮੇਤ ਉਹਨਾਂ ਦੇ ਕਈ ਉਪਾਸਕਾਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਟੈਂਪਲ ਆਫ ਨਿਊਯਾਰਕ ਅਤੇ ਬੇਗਮਪੁਰਾ ਕਲਚਰਲ ਸੋਸਾਇਟੀ ਆਫ ਨਿਊਯਾਰਕ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਨਗਰ ਕੌਂਸਲ ਨੂੰ ਇਹ ਫ਼ੈਸਲਾ ਲੈਣ ਲਈ ਅਤੇ ਉਹਨਾਂ ਦਾ ਜਨਮ ਦਿਹਾੜਾ ਮਨਾਉਣ ਦੇ ਯਤਨਾਂ ਦੀ ਅਗਵਾਈ ਕਰਨ 'ਤੇ ਵਿਸ਼ੇਸ ਧੰਨਵਾਦ ਵੀ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਦੇ PM ਕ੍ਰਿਸ ਹਿਪਕਿਨਸ ਆਰਥਿਕ ਸਬੰਧਾਂ ਨੂੰ ਹੁਲਾਰਾ ਦੇਣ ਲਈ ਚੀਨ ਦੇ ਦੌਰੇ 'ਤੇ (ਤਸਵੀਰਾਂ)

ਇਸ ਮੌਕੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਅਤੇ ਯੂਕੇ ਤੋਂ ਰਮੇਸ਼ ਕਲੇਰ ਵੀ ਉਚੇਚੇ ਤੌਰ 'ਤੇ ਪੁੱਜੇ ਹੋਏ ਸਨ। ਬੇਗਮਪੁਰਾ ਕਲਚਰਲ ਸੋਸਾਇਟੀ ਦੇ ਇੰਟਰਨੈਸ਼ਨਲ ਕੋਆਰਡੀਨੇਟਰ ਹਰਦੇਵ ਸਹਾਏ, ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਦੇ ਪ੍ਰਧਾਨ ਅਤੇ ਸਮਾਜ ਸੇਵੀ ਅਸ਼ੋਕ ਮਾਹੀ, ਬਲਵੰਤ ਚੋਹਾਨ ਚੇਅਰਮੈਨ, ਖੁਸ਼ੀਆ ਸਿੰਘ ਜਨਰਲ ਸਕੱਤਰ, ਪਰਮਜੀਤ ਕਮਾਮ ਪ੍ਰਧਾਨ ਬੇਗਮਪੁਰਾ ਕਲਚਰਲ ਸੁਸਾਇਟੀ, ਪਿੰਦਰਪਾਲ ਚੇਅਰਮੈਨ ਅਤੇ ਹੋਰ ਸੁਸਾਇਟੀ ਦੇ ਮੈਬਰਾਂ ਨੇ ਇਸ ਮੌਕੇ ਇਕ ਦੂਜੇ ਨੂੰ ਵਧਾਈਆਂ ਦਿੱਤੀਆ ਅਤੇ ਕਿਹਾ ਕਿ ਅਮਰੀਕਾ ਵਿੱਚ ਅੰਬੇਡਕਰਵਾਦੀ ਸਰਗਰਮੀ ਲਈ ਇਹ ਇੱਕ ਮਹੱਤਵਪੂਰਨ ਅਤੇ ਖੁਸ਼ੀ ਵਾਲੇ ਪਲ ਹਨ। ਬੁਲਾਰਿਆਂ ਨੇ "ਡਾ. ਅੰਬੇਡਕਰ ਲਈ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਇੱਕ ਕਾਰਕੁਨ, ਅਰਥ ਸ਼ਾਸਤਰੀ, ਕੋਲੰਬੀਆ ਗ੍ਰੇਡ, ਕਾਨੂੰਨ ਮੰਤਰੀ ਅਤੇ ਭਾਰਤ ਦੇ ਸੰਵਿਧਾਨ ਦੇ ਪਿਤਾਮਾ ਸਨ। ਉਹਨਾਂ ਵੱਲੋਂ ਦਲਿਤਾਂ, ਔਰਤਾਂ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਵਿਤਕਰੇ ਵਿਰੁੱਧ ਕੀਤੇ ਕੰਮਾਂ ਨੂੰ ਸਾਨੂੰ ਕਦੇ ਵੀ ਭੁੱਲਣਾ ਨਹੀ ਚਾਹੀਦਾ। ਬੁਲਾਰਿਆਂ ਨੇ ਕਿਹਾ ਕਿ ਬਾਬਾ ਸਾਹਿਬ ਬੀ.ਆਰ. ਅੰਬੇਡਕਰ ਦਾ ਇਸ ਸ਼ਹਿਰ ਦੇ ਨਾਲ ਮੁੱਢਲਾ ਸਬੰਧ ਕੋਲੰਬੀਆ ਯੂਨੀਵਰਸਿਟੀ ਰਾਹੀਂ ਹੈ, ਜਿੱਥੇ ਉਹਨਾਂ ਨੇ ਐਮ.ਏ ਅਤੇ ਪੀ.ਐਚ.ਡੀ. ਕੀਤੀ ਸੀ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana