ਅਮਰੀਕਾ-ਮੈਕਸੀਕੋ ਬਾਰਡਰ : ਚੰਗੀ ਜ਼ਿੰਦਗੀ ਦੀ ਥਾਂ ਪਿਓ-ਧੀ ਨੂੰ ਮਿਲੀ ਮੌਤ (ਤਸਵੀਰਾਂ)

06/27/2019 4:24:39 PM

ਵਾਸ਼ਿੰਗਟਨ (ਏਜੰਸੀ)- ਮੈਕਸੀਕੋ ਬਾਰਡਰ 'ਤੇ ਅਮਰੀਕੀ ਫੌਜ ਦੀ ਤਾਇਨਾਤੀ ਅਤੇ ਸ਼ਰਨਾਰਥੀਆਂ ਪ੍ਰਤੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਕਈ ਨੇਤਾਵਾਂ ਦਾ ਸਖ਼ਤ ਰਵੱਈਆ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ 'ਚ ਹੈ। ਕਿਉਂਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਇਕ ਦਿਲ ਦਹਿਲਾ ਦੇਣ ਵਾਲੀ ਤਸਵੀਰ। ਇਹ ਤਸਵੀਰ ਇਕ ਪਿਤਾ ਅਤੇ ਉਸ ਦੀ ਦੋ ਸਾਲ ਦੀ ਧੀ ਦੀ ਹੈ, ਜਿਨ੍ਹਾਂ ਦੀ ਲਾਸ਼ ਅਮਰੀਕਾ-ਮੈਕਸੀਕੋ ਬਾਰਡਰ ਦੀ ਰੀਓ ਗ੍ਰਾਂਡੇ ਨਦੀ ਕੰਢੇ ਮਿਲੀ। ਪਿਤਾ ਦਾ ਨਾਂ ਆਸਕਰ ਅਲਬਰਟੋ ਮਾਰਟੀਨੇਜ ਰਮਿਰੇਜ ਅਤੇ ਧੀ ਦਾ ਨਾਂ ਵਲੇਰੀਆ ਦੱਸਿਆ ਜਾ ਰਿਹਾ ਹੈ। ਮੈਕਸੀਕੋ ਦੇ ਇਕ ਅਖਬਾਰ ਨੇ ਇਨ੍ਹਾਂ ਦੋਹਾਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।

ਇਹ ਅਲ ਸਲਵਾਡੋਰ ਦੇ ਦੱਸੇ ਜਾ ਰਹੇ ਹਨ। ਇਸ ਤਸਵੀਰ ਨੇ ਸ਼ਰਨਾਰਥੀਆਂ 'ਤੇ ਵਿਸ਼ਵ ਦੀ ਚਿੰਤਾ ਨੂੰ ਜਗਜਾਹਿਰ ਕਰ ਦਿੱਤਾ ਹੈ। ਖਬਰ ਮੁਤਾਬਕ 23 ਸਾਲਾ ਆਸਕਰ ਅਲਬਰਟੋ ਮਾਰਟੀਨੇਜ ਰਮਿਰੇਜ ਪਨਾਹ ਲੈਣ ਲਈ ਅਮਰੀਕੀ ਅਧਿਕਾਰੀਆਂ ਦੇ ਸਾਹਮਣੇ ਖੁਦ ਨੂੰ ਪੇਸ਼ ਕਰਨ ਵਿਚ ਅਸਰਮਰਥ ਸੀ। ਹਤਾਸ਼ਾ ਵਿਚ ਉਹ ਆਪਣੀ ਧੀ ਵੇਲੇਰੀਆ ਨਾਲ ਐਤਵਾਰ ਨੂੰ ਰੀਓ ਗ੍ਰਾਂਡੇ ਨਦੀ ਵਿਚ ਉਤਰ ਗਿਆ। ਤਸਵੀਰ ਵਿਚ ਦੇਖਿਆ ਜਾ ਸਕਦ ਹੈ ਕਿ ਪਿਤਾ ਨੇ ਆਪਣੀ ਬੱਚੀ ਨੂੰ ਆਪਣੀ ਕਮੀਜ਼ ਵਿਚ ਲਪੇਟਿਆ ਹੋਇਆ ਹੈ।

ਮੰਨਿਆ ਜਾ ਰਿਹਾ ਹੈ ਕਿ ਪਿਤਾ ਨੇ ਆਪਣੀ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਆਪਣੇ ਤੋਂ ਦੂਰ ਨਾ ਹੋਣ ਦੀ ਕੋਸ਼ਿਸ਼ ਦੇ ਮੱਦੇਨਜ਼ਰ ਅਜਿਹਾ ਕੀਤਾ ਹੋਵੇਗਾ। ਮੁਮਕਿਨ ਹੈ ਉਸ ਨੂੰ ਡਰ ਇਸ ਗੱਲ ਦਾ ਵੀ ਹੋਵੇਗਾ ਕਿ ਕਿਤੇ ਕਿਸੇ ਕਾਰਨ ਉਸ ਦੀ ਧੀ ਨਦੀ ਦੇ ਵਹਾਅ ਵਿਚ ਰੁੜ ਨਾ ਜਾਵੇ। ਪਰ ਇਨ੍ਹਾਂ ਦੋਹਾਂ ਦੀ ਕਿਸਮਤ ਏਲਨ ਵਰਗੀ ਚੰਗੀ ਨਾ ਨਿਕਲੀ ਅਤੇ ਬਿਹਤਰ ਜ਼ਿੰਦਗੀ ਦੀ ਚਾਹਤ ਵਿਚ ਦੋਹਾਂ ਦੀ ਮੌਤ ਹੋ ਗਈ।

ਅਖਬਾਰ ਮੁਤਾਬਕ ਅਲਬਰਟੋ ਨੇ ਬੱਚੀ ਨੂੰ ਨਦੀ ਕੰਢੇ ਛੱਡ ਦਿੱਤਾ ਅਤੇ ਆਪਣੀ ਪਤਨੀ ਤਾਨਿਆ ਵੈਨੇਸਾ ਓਵਲੋਸ ਨੂੰ ਲਿਆਉਣ ਲਈ ਵਾਪਸ ਜਾਣ ਲੱਗਾ ਪਰ ਉਸ ਨੂੰ ਦੂਰ ਜਾਂਦੇ ਦੇਖ ਲੜਕੀ ਨੇ ਪਾਣੀ ਵਿਚ ਛਲਾਂਗ ਮਾਰ ਦਿੱਤੀ ਤਾਂ ਅਲਬਰਟੋ ਧੀ ਨੂੰ ਬਚਾਉਣ ਲਈ ਵਾਪਸ ਪਰਤਿਆ ਅਤੇ ਉਸ ਨੇ ਵੇਲੇਰੀਆ ਨੂੰ ਫੜ ਲਿਆ। ਹਾਲਾਂਕਿ ਪਾਣੀ ਦੇ ਤੇਜ਼ ਵਹਾਅ ਵਿਚ ਦੋਵੇਂ ਰੁੜ ਗਏ। ਅਲਬਰਟੋ ਦੀ ਮਾਂ ਰਮਿਰੇਜ ਮੁਤਾਬਕ ਉਸ ਨੇ ਇਨ੍ਹਾਂ ਸਭ ਨੂੰ ਜਾਣ ਤੋਂ ਮਨਾਂ ਕਰ ਦਿੱਤਾ ਸੀ, ਪਰ ਉਹ ਨਹੀਂ ਮੰਨੇ। ਲੜਕੀ ਨੇ ਛਲਾਂਗ ਲਗਾ ਕੇ ਅਲਬਰਟੋ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਤੱਕ ਅਲਬਰਟੋ ਉਸ ਨੂੰ ਫੜਦਾ, ਉਹ ਕਾਫੀ ਦੂਰ ਨਿਕਲ ਗਈ ਸੀ।

ਉਹ ਬਾਹਰ ਨਹੀਂ ਨਿਕਲ ਸਕੀ ਅਤੇ ਅਲਬਰਟੋ ਨੇ ਉਸ ਨੂੰ ਆਪਣੀ ਸ਼ਰਟ ਵਿਚ ਲਪੇਟ ਲਿਆ। ਰਮਿਰੇਜ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਲੱਗਾ ਹੋਵੇਗਾ ਕਿ ਉਹ ਹੁਣ ਕਾਫੀ ਦੂਰ ਨਿਕਲ ਆਏ ਹਨ, ਜਿਸ ਕਾਰਨ ਉਨ੍ਹਾਂ ਨੇ ਧੀ ਦੇ ਨਾਲ ਹੀ ਨਦੀ ਵਿਚ ਅੱਗੇ ਵਧਣ ਦਾ ਫੈਸਲਾ ਕੀਤਾ। ਤਸਵੀਰ ਵਿਚ ਸਾਫ ਦਿਖ ਰਿਹਾ ਹੈ ਕਿ ਇਕ ਨਦੀ ਕੰਢੇ ਜਿਥੇ ਘਾਹ ਫੈਲਿਆ ਹੋਇਆ ਹੈ, ਆਸਕਰ ਦੇ ਨਾਲ ਉਸ ਦੀ ਧੀ ਨੇ ਜੱਫੀ ਪਾਈ ਹੋਈ ਹੈ। ਦੱਸ ਦਈਏ ਕਿ ਇਸ ਨਦੀ ਕੰਢੇ ਯੂ.ਐਸ. ਬਾਰਡਰ ਪੈਟਰੋਲ ਨੂੰ ਦੋ ਦਿਨ ਪਹਿਲਾਂ ਵੀ ਚਾਰ ਲਾਸ਼ਾਂ ਮਿਲੀਆਂ ਸਨ।
 

Sunny Mehra

This news is Content Editor Sunny Mehra