ਅਮਰੀਕਾ 'ਚ ਪੰਜਾਬੀ ਨੇ ਦੋ ਬੱਚਿਆਂ ਦੀ ਹੱਤਿਆ ਦੇ ਬਾਅਦ ਕੀਤੀ ਖੁਦਕੁਸ਼ੀ

05/17/2019 2:50:15 PM

ਨਿਊਯਾਰਕ (ਰਾਜ ਗੋਗਨਾ)— ਬੀਤੇ ਦਿਨੀਂ ਅਮਰੀਕਾ ਦੇ ਸ਼ਹਿਰ ਡੈਲਸ ਵਿਖੇ ਦਿਲ ਨੂੰ ਦਹਿਲਾ ਦੇਣ ਵਾਲੀ ਇਕ ਦੁੱਖਦਾਈ ਘਟਨਾ ਵਾਪਰੀ। ਇਸ ਘਟਨਾ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਫੋਰਟਵਰਥ ਦੇ ਰਹਿਣ ਵਾਲੇ ਇਕ ਪੰਜਾਬੀ ਬਾਪ ਮਨਦੀਪ ਸਿੰਘ ਵੱਲੋਂ ਆਪਣੇ ਦੋ ਮਾਸੂਮ ਬੱਚਿਆਂ ਨੂੰ ਜਿਊਂਦਿਆਂ ਕਾਰ ਵਿਚ ਸਾੜ ਦਿੱਤਾ ਗਿਆ। ਕੁੱਕ ਕਾਊਂਟੀ ਸ਼ੈਰਿਫ ਮੁਤਾਬਕ ਮਨਦੀਪ ਸਿੰਘ ਨੇ ਲੰਘੇ ਸੋਮਵਾਰ ਨੂੰ ਆਪਣੇ ਦੋ ਮਾਸੂਮ ਬੱਚਿਆਂ 3 ਸਾਲਾ ਮੇਹਰ ਕੌਰ ਬੜਿੰਗ ਅਤੇ ਚਾਰ ਸਾਲਾ ਦੇ ਲੜਕੇ ਅਜੀਤ ਸਿੰਘ ਬੜਿੰਗ ਨੂੰ ਕਾਰ ਵਿਚ ਬਿਠਾ ਕੇ ਅੱਗ ਲਗਾ ਦਿੱਤੀ, ਜਿਸ ਕਾਰਨ ਦੋਵੇਂ ਬੱਚੇ ਮੌਕੇ 'ਤੇ ਹੀ ਮਾਰੇ ਗਏ। 

ਦੋਹਾਂ ਬੱਚਿਆਂ ਨੂੰ ਮਾਰਨ ਤੋਂ ਬਾਅਦ ਮਨਦੀਪ ਸਿੰਘ ਨੇ ਖੁਦਕੁਸ਼ੀ ਕਰ ਲਈ। ਉਸ ਦੀ ਮ੍ਰਿਤਕ ਦੇਹ ਵੀ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮਨਦੀਪ ਸਿੰਘ ਬੜਿੰਗ ਦਾ ਨਰਿੰਦਰਪਾਲ ਕੌਰ ਨਾਲ ਵਿਆਹ ਹੋਇਆ ਸੀ। ਇਸ ਮਗਰੋਂ ਉਹ ਅਮਰੀਕਾ ਪਹੁੰਚਿਆ ਸੀ ਅਤੇ ਇੰਨ੍ਹਾਂ ਦੇ 2 ਬੱਚੇ ਮੇਹਰ ਕੌਰ ਬੜਿੰਗ ਅਤੇ ਅਜੀਤ ਸਿੰਘ ਬੜਿੰਗ ਹੋਏ। ਪਰ ਇਨ੍ਹਾਂ ਦਾ ਵਿਆਹੁਤਾ ਜੀਵਨ ਜ਼ਿਆਦਾ ਚਿਰ ਨਹੀਂ ਚੱਲ ਸਕਿਆ ਅਤੇ ਦੋਹਾਂ ਦਾ ਤਲਾਕ ਹੋ ਗਿਆ। 

ਅਮਰੀਕੀ ਕਾਨੂੰਨ ਮੁਤਾਬਕ ਬੱਚਿਆਂ ਨੂੰ ਮਾਂ-ਬਾਪ ਨੂੰ ਮਿਲਣ ਦਿੱਤਾ ਜਾਂਦਾ ਸੀ। ਦੋਵੇਂ ਬੱਚੇ ਲੜਕਾ ਤੇ ਲੜਕੀ ਹਫ਼ਤੇ ਨੂੰ ਮਾਂ ਕੋਲ ਰਹਿੰਦੇ ਸਨ ਅਤੇ ਅਗਲੇ ਹਫ਼ਤੇ ਆਪਣੇ ਬਾਪ ਕੋਲ ਰਹਿੰਦੇ ਸਨ। ਹਰ ਸਾਲ ਦੀ ਤਰਾਂ ਡੈਲਸ ਵਿਚ ਇਕ ਵਿਸ਼ਾਲ ਵਿਸਾਖੀ ਮੇਲਾ ਹੁੰਦਾ ਹੈ ਜਿੱਥੇ ਇੰਨ੍ਹਾਂ ਬੱਚਿਆਂ ਨੇ ਮੇਲੇ ਵਿਚ ਭੰਗੜਾ ਪਾ ਕੇ ਜ਼ਿੰਦਗੀ ਦੇ ਆਖਰੀ ਦਿਨ ਦਾ ਆਨੰਦ ਮਾਣਿਆ। ਬਦਨਸੀਬ ਮਾਂ ਘਰ ਮਦਰਜ਼-ਡੇਅ ਮਨਾਉਣ ਲਈ ਆਪਣੇ ਬੱਚਿਆਂ ਦੀ ਉਡੀਕ ਕਰਦੀ ਰਹੀ ਅਤੇ ਬਾਪ ਨੇ ਉਹਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਇਸ ਘਟਨਾ ਨਾਲ ਇਲਾਕੇ ਦੇ ਭਾਈਚਾਰੇ ਵਿਚ ਡਰ ਅਤੇ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ।

Vandana

This news is Content Editor Vandana