ਅਮਰੀਕਾ ਨੇ ਪਾਕਿ ਨੂੰ ਗਲੋਬਲ ਵਾਚ ਲਿਸਟ ''ਚ ਸ਼ਾਮਲ ਕਰਨ ਦੀ ਕੀਤੀ ਪਹਿਲ

02/14/2018 4:47:18 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਨੇ ਟੇਰਰ ਫੰਡਿੰਗ ਨੂੰ ਲੈ ਕੇ ਪਾਕਿਸਤਾਨ ਨੂੰ ਗਲੋਬਲ ਅੱਤਵਾਦੀ-ਵਿੱਤੀ ਸਹਾਇਤਾ ਸੂਚੀ ਵਿਚ ਪਾਉਣ ਦੀ ਪਹਿਲ ਸ਼ੁਰੂ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਇਸਲਾਮਾਬਾਦ ਅਲ ਕਾਇਦਾ ਅਤੇ ਉਸ ਨਾਲ ਜੁੜੇ ਸੰਗਠਨਾਂ ਸਮੇਤ ਅੱਤਵਾਦੀ ਸਮੂਹਾਂ ਵਿਰੁੱਧ ਸੁਰੱਖਿਆ ਪਰੀਸ਼ਦ ਦੇ ਪ੍ਰਸਤਾਵਾਂ ਮੁਤਾਬਕ ਕਾਰਵਾਈ ਨਹੀਂ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ 2018 ਦੇ ਪਹਿਲੇ ਟਵੀਟ ਵਿਚ ਅੱਤਵਾਦੀਆਂ ਨੂੰ ਸੁਰੱਖਿਅਤ ਸ਼ਰਨ ਸਥਲੀ ਮੁਹੱਈਆ ਕਰਾਉਣ ਲਈ ਪਾਕਿਸਤਾਨ 'ਤੇ ਤਿੱਖਾ ਹਮਲਾ ਕੀਤਾ ਸੀ। 
ਇਕ ਸਮਾਚਾਰ ਏਜੰਸੀ ਮੁਤਾਬਕ ਅਮਰੀਕਾ ਅਤੇ ਉਸ ਦੇ ਯੂਰਪੀ ਸਾਥੀਆਂ ਨੇ ਟੇਰਰ ਫੰਡਿੰਗ 'ਤੇ ਰੋਕ ਲਗਾਉਣ ਵਿਚ ਅਸਫਲ ਰਹਿਣ ਕਾਰਨ ਪਾਕਿਸਤਾਨ ਨੂੰ ਗਲੋਬਲ ਵਾਚ ਲਿਸਟ ਵਿਚ ਸ਼ਾਮਲ ਕਰਨ ਲਈ 'ਵਿੱਤੀ ਕਾਰਵਾਈ ਟਾਸਕ ਫੋਰਸ' (ਐੱਫ. ਏ. ਟੀ. ਐੱਫ.) ਵਿਚ ਇਕ ਪ੍ਰਸਤਾਵ ਲਿਆਂਦਾ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਮਿਫਾ ਇਸਮਾਈਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਅਤੇ ਬ੍ਰਿਟੇਨ ਨੇ ਕੁਝ ਹਫਤਿਆਂ ਪਹਿਲਾਂ ਪਾਕਿਸਤਾਨ ਨੂੰ ਅੰਤਰ ਰਾਸ਼ਟਰੀ ਮਨੀ ਲਾਂਡਰਿੰਗ ਅਤੇ ਟੇਰਰ ਫੰਡਿੰਗ ਦੇ ਸ਼ੱਕ ਵਾਲ ਦੇਸ਼ਾਂ ਦੀ 'ਗ੍ਰੇ ਲਿਸਟ' ਵਿਚ ਸ਼ਾਮਲ ਕਰਨ ਦਾ ਪ੍ਰਸਤਾਵ ਰੱਖਿਆ ਹੈ। ਫਰਾਂਸ ਅਤੇ ਜਰਮਨੀ ਵੀ ਇਸ ਕਦਮ ਵਿਚ ਅਮਰੀਕਾ ਦੇ ਨਾਲ ਹਨ।