ਅਮਰੀਕਾ ਦਾ ਵਾਰ, ਹਾਫਿਜ਼ ਦੀ ਪਾਰਟੀ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਿਆ

04/03/2018 10:44:44 AM

ਇਸਲਾਮਾਬਾਦ(ਬਿਊਰੋ)—ਪਾਕਿਸਤਾਨ ਵਿਚ ਆਮ ਚੋਣਾਂ ਤੋਂ ਪਹਿਲਾਂ ਅਮਰੀਕਾ ਨੇ ਮਿਲੀ ਮੁਸਲਿਮ ਲੀਗ ਪਾਰਟੀ (ਐਮ.ਐਲ.ਐਮ) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨ ਕਰ ਦਿੱਤਾ ਹੈ। ਮਿਲੀ ਮੁਸਲਿਮ ਲੀਗ ਪਾਰਟੀ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੀ ਪਾਰਟੀ ਹੈ। ਅਮਰੀਕਾ ਨੇ ਐਮ.ਐਮ.ਐਲ ਦੇ 7 ਮੈਂਬਰਾਂ ਨੂੰ ਵੀ ਵਿਦੇਸ਼ੀ ਅੱਤਵਾਦੀ ਦੇ ਰੂਪ ਵਿਚ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ ਅਮਰੀਕਾ ਨੇ ਅੱਤਵਾਦੀ ਸੰਗਠਨਾਂ ਦੀ ਸੂਚੀ ਵਿਚ ਤਹਿਰੀਕ-ਏ-ਆਜ਼ਾਦੀ-ਏ ਕਸ਼ਮੀਰ (ਟੀ.ਏ.ਜੇ.ਕੇ) ਨੂੰ ਵੀ ਸ਼ਾਮਲ ਕੀਤਾ। ਟੀ.ਏ.ਜੇ.ਕੇ ਲਸ਼ਕਰ-ਏ-ਤੇਯਬਾ (ਐਲ.ਈ.ਟੀ) ਦੀ ਪਾਰਟੀ ਹੈ।
ਤੁਹਾਨੂੰ ਦੱਸ ਦਈਏ ਕਿ ਹਾਫਿਜ਼ ਸਈਦ ਪਾਕਿਸਤਾਨ ਦੀ ਸਰਗਰਮ ਰਾਜਨੀਤੀ ਵਿਚ ਉਤਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਐਮ.ਐਮ.ਐਲ ਪਾਕਿਸਤਾਨ ਵਿਚ ਚੋਣ ਲੜ ਸਕੇ, ਇਸ ਲਈ ਹਾਫਿਜ਼ ਨੇ ਚੋਣ ਕਮਿਸ਼ਨ ਵਿਚ ਪੰਜੀਕਰਨ ਲਈ ਅਰਜ਼ੀ ਦਿੱਤੀ ਸੀ, ਹਾਲਾਂਕਿ ਕਮਿਸ਼ਨ ਨੇ ਇਹ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਹਾਫਿਜ਼ ਦੀ ਪਾਰਟੀ ਨੇ 23 ਮਾਰਚ ਨੂੰ ਲਾਹੌਰ ਵਿਚ ਆਪਣਾ ਘੋਸ਼ਣਾ ਪੱਤਰ ਵੀ ਜਾਰੀ ਕੀਤਾ ਸੀ। ਚੋਣ ਕਮਿਸ਼ਨ ਨੇ ਬੇਸ਼ੱਕ ਹੀ ਹਾਫਿਜ਼ ਦੀ ਪਾਰਟੀ ਦਾ ਪੰਜੀਕਰਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਇਸਲਾਮਾਬਾਦ ਹਾਈਕੋਰਟ ਨੇ ਹਾਫਿਜ਼ ਦੀ ਰਾਜਨੀਤਕ ਐਂਟਰੀ ਦੇ ਰਸਤੇ ਸਾਫ ਕਰ ਦਿੱਤੇ ਸਨ। ਇਸਲਾਮਾਬਾਦ ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਹੁਕਮ ਦਿੱਤਾ ਸੀ ਕਿ ਉਹ ਸਈਦ ਦੀ ਪਾਰਟੀ ਵੱਲੋਂ ਪੰਜੀਕਰਨ ਕਰਾਉਣ ਲਈ ਦਾਇਰ ਕੀਤੀ ਗਈ ਪਟੀਸ਼ਨ ਨੂੰ ਬਿਨਾਂ ਸੁਣੇ ਰਿਜੈਕਟ ਨਾ ਕਰੇ।
ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਹਾਫਿਜ਼ ਦੀ ਪਾਰਟੀ ਦੇ ਪੰਜੀਕਰਨ ਨੂੰ ਅੰਦਰੂਨੀ ਵਿਭਾਗ ਦੇ ਕਹਿਣ 'ਤੇ ਰਿਜੈਕਟ ਕਰ ਦਿੱਤਾ ਸੀ। ਅਮਰੀਕਾ ਮੁਤਾਬਕ ਲਾਸ਼ਕਰ-ਏ-ਤੈਯਬਾ ਪਾਕਿਸਤਾਨ ਵਿਚ ਸੁਤੰਤਰ ਰੂਪ ਨਾਲ ਕੰਮ ਕਰ ਰਿਹਾ ਹੈ, ਜਨਤਕ ਰੈਲੀਆਂ ਕਰ ਰਿਹਾ ਹੈ, ਧਨ ਜੁਟਾਉਣ ਅਤੇ ਅੱਤਵਾਦੀ ਹਮਲਿਆਂ ਲਈ ਲੋਕਾਂ ਨੂੰ ਸਿਖਲਾਈ ਦੇ ਰਿਹਾ ਹੈ।