ਅਮਰੀਕਾ ਭਾਰਤ ਨੂੰ ਕੂਟਨੀਤਕ ਮਹੱਤਾ ਵਾਲਾ ਮੰਨਦਾ ਹੈ ਸਹਿਯੋਗੀ

07/18/2017 10:33:59 AM

ਵਾਸ਼ਿੰਗਟਨ— ਅਮਰੀਕਾ ਦੀ ਨਵੀਂ ਸਰਕਾਰ ਵਿਚ ਭਾਰਤ-ਅਮਰੀਕਾ ਸੰਬੰਧਾਂ ਦੀ ਵਕਾਲਤ ਕਰਦਿਆਂ ਸਾਬਕਾ ਅਮਰੀਕੀ ਡਿਪਲੋਮੈਟ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਭਾਰਤ ਨੂੰ ਮੂਲ ਤੌਰ 'ਤੇ ਕੂਟਨੀਤਕ ਮਹੱਤਾ ਵਾਲਾ ਸਹਿਯੋਗੀ ਮੰਨਦਾ ਹੈ। ਸਾਬਕਾ ਸਹਾਇਕ ਵਿਦੇਸ਼ ਮੰਤਰੀ (ਦੱਖਣੀ ਅਤੇ ਮੱਧ ਏਸ਼ੀਆ) ਨਿਸ਼ਾ ਦੇਸਾਈ ਬਿਸਵਾਲ ਨੇ ਕਿਹਾ,''ਟਰੰਪ ਪ੍ਰਸ਼ਾਸਨ ਵੀ ਬਰਾਕ ਓਬਾਮਾ ਪ੍ਰਸ਼ਾਸਨ ਦੀ ਤਰ੍ਹਾਂ ਹੀ ਭਾਰਤ ਨੂੰ ਮੂਲ ਤੌਰ 'ਤੇ ਕੂਟਨੀਤਕ ਸਹਿਯੋਗੀ ਦੇ ਰੂਪ ਵਿਚ ਸਵੀਕਾਰ ਕਰਦਾ ਹੈ। ਉਹ ਅੰਤਰ ਰਾਸ਼ਟਰੀ ਵਿਵਸਥਾ 'ਤੇ ਹੀ ਆਧਾਰਿਤ ਸਮਾਨ ਮੁੱਲ, ਟੀਚੇ ਅਤੇ ਉਦੇਸ਼ਾਂ ਵਾਲੇ ਅਤੇ ਕੁੱਲ ਮਿਲਾ ਕੇ ਸੁਰੱਖਿਆ ਮੁਹੱਈਆ ਕਰਵਾਉਣ ਵਿਚ ਸਮੱਰਥਾਵਾਂ ਵਧਾਉਣ ਵਾਲੇ ਦੇਸ਼ ਦੇ ਤੌਰ 'ਤੇ ਭਾਰਤ ਨੂੰ ਮਹੱਤਾ ਦਿੰਦਾ ਹੈ।'' ਬਿਸਵਾਲ ਨੇ ਕਿਹਾ,'' ਓਬਾਮਾ ਪ੍ਰਸ਼ਾਸਨ ਨੇ ਪ੍ਰਸ਼ਾਂਤ ਮਹਾਸਾਗਰ ਅਤੇ ਪੂਰੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਰਤ ਨੂੰ ਕੂਟਨੀਤਕ ਹਿੱਸੇਦਾਰ ਬਣਾ ਕੇ ਵੱਡਾ ਦਾਅ ਖੇਡਿਆ ਸੀ।'' ਉਨ੍ਹਾਂ ਨੇ ਕਿਹਾ,'' ਮੇਰਾ ਮੰਨਣਾ ਹੈ ਕਿ ਟਰੰਪ ਪ੍ਰਸ਼ਾਸਨ ਇਸ ਨੂੰ ਜਾਰੀ ਰੱਖੇਗਾ। ਅਸੀਂ ਕੁਝ ਘੋਸ਼ਣਾਵਾਂ ਅਤੇ ਰੱਖਿਆ ਸਹਿਯੋਗ ਦੇ ਮਾਮਲੇ ਦੇਖ ਰਹੇ ਹਾਂ।'' ਬਿਸਵਾਲ ਨੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚ ਬੀਤੇ ਮਹੀਨੇ ਹੋਈ ਸਫਲ ਬੈਠਕ ਦੋਹਾਂ ਦੇਸ਼ਾਂ ਦੇ ਸੰਬੰਧਾਂ ਵਿਚ ਸੁਧਾਰ ਅਤੇ ਮਜ਼ਬੂਤੀ ਦਾ ਸੰਕੇਤ ਹੈ। ਉਨ੍ਹਾਂ ਨੇ ਕਿਹਾ,'' ਮੈਂ ਮੰਨਦੀ ਹਾਂ ਕਿ ਭਾਰਤੀ ਪ੍ਰਧਾਨ ਮੰਤਰੀ ਦੀ ਵਾਸ਼ਿੰਗਟਨ ਯਾਤਰਾ ਕਾਫੀ ਚੰਗੀ ਰਹੀ। ਦੋਹਾਂ ਹੀ ਪੱਖਾਂ ਨੇ ਨਿਆਂਸੰਗਤ ਤਰੀਕਿਆਂ ਨਾਲ ਆਪਣੀ ਇੱਛਾਵਾਂ ਨੂੰ ਘੱਟ ਹੀ ਰੱਖਿਆ ਅਤੇ ਯਾਤਰਾ ਤੋਂ ਪਹਿਲਾਂ ਮਤਭੇਦ ਵਾਲੇ ਕੁਝ ਖੇਤਰਾਂ ਨੂੰ ਇਸ ਤੋਂ ਵੱਖ ਹੀ ਰੱਖਿਆ।''