ਅਮਰੀਕਾ-ਚੀਨ ਵਪਾਰ ਯੁੱਧ ਨਾਲ ਬਾਈਬਲ ਮਹਿੰਗੀ, ਧਾਰਮਿਕ ਸਮੂਹ ਨਾਰਾਜ਼

06/26/2019 5:48:19 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ-ਚੀਨ ਵਿਚਾਲੇ ਜਾਰੀ ਵਪਾਰ ਯੁੱਧ ਦਾ ਨਵਾਂ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨ ਦੇ ਸਾਮਾਨ 'ਤੇ ਦਰਾਮਦ ਟੈਕਸ ਵਧਾਉਣ ਦੇ ਫੈਸਲੇ ਨਾਲ ਬਾਈਬਲ ਦੀ ਕੀਮਤ ਵਿਚ ਵਾਧਾ ਹੋਣ ਦੀ ਸੰਭਾਵਨਾ ਨਾਲ ਕੁਝ ਅਮਰੀਕੀ ਧਾਰਮਿਕ ਸਮੂਹ ਨਾਰਾਜ਼ ਹੋ ਗਏ ਹਨ। ਟਰੰਪ ਦੇ ਕੱਟੜ ਸਮਰਥਕ ਸਮੂਹਾਂ ਵਿਚ ਸ਼ਾਮਲ ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਇਸ ਫੈਸਲੇ ਨਾਲ ਅਮਰੀਕਾ ਵਿਚ ਬਾਈਬਲ ਦੀ ਕੀਮਤ ਵੱਧ ਸਕਦੀ ਹੈ। 

ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਦੇ ਮੋਰਚੇ 'ਤੇ ਇਹ ਟਕਰਾਅ ਪਿਛਲੇ ਸਾਲ ਮਾਰਚ ਵਿਚ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਟਰੰਪ ਨੇ ਚੀਨ ਤੋਂ ਆਉਣ ਵਾਲੇ ਇਸਪਾਤ ਅਤੇ ਐਲੂਮੀਨੀਅਮ ਨਾਲ ਬਣੀਆਂ ਵਸਤਾਂ 'ਤੇ ਭਾਰੀ ਦਰਾਮਦ ਟੈਕਸ ਲਗਾਇਆ ਸੀ। ਹੁਣ ਤੱਕ ਟਰੰਪ ਚੀਨ ਤੋਂ ਆਉਣ ਵਾਲੀਆਂ 250 ਅਰਬ ਡਾਲਰ ਦੀਆਂ ਵਸਤਾਂ 'ਤੇ 25 ਫੀਸਦੀ ਦਰਾਮਦ ਟੈਕਸ ਲਗਾ ਚੁੱਕੇ ਹਨ। ਬਦਲੇ ਵਿਚ ਚੀਨ ਨੇ ਵੀ ਅਜਿਹਾ ਕਦਮ ਚੁੱਕਿਆ। ਇਸ ਦੇ ਬਾਅਦ ਤੋਂ ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਯੁੱਧ ਦੇ ਬੱਦਲ ਮੰਡਰਾਉਣ ਲੱਗੇ ਸਨ ਅਤੇ ਗਲੋਬਲ ਵਪਾਰ ਯੁੱਧ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ। 

ਹੁਣ ਟਰੰਪ ਨੇ ਛਪੀਆਂ ਹੋਈਆਂ ਵਸਤਾਂ ਸਮੇਤ ਚੀਨ ਤੋਂ ਆਉਣ ਵਾਲੀਆਂ 300 ਅਰਬ ਡਾਲਰ ਦੀਆਂ ਵਸਤਾਂ 'ਤੇ ਦਰਾਮਦ ਟੈਕਸ ਵਧਾਉਣ ਦੀ ਗੱਲ ਕਹੀ ਹੈ। ਅਮਰੀਕਾ ਦਾ ਚਰਚ ਭਾਈਚਾਰਾ ਰਾਸ਼ਟਰਪਤੀ ਟਰੰਪ ਤੋਂ ਨਾਰਾਜ਼ ਹੋ ਗਿਆ ਹੈ ਕਿਉਂਕਿ ਬਾਈਬਲ ਚੀਨ ਵਿਚ ਛੱਪਣ ਦੇ ਬਾਅਦ ਅਮਰੀਕਾ ਆਉਂਦੀ ਹੈ। ਸੰਭਾਵਨਾ ਜ਼ਾਹਰ ਕੀਤੀ ਗਈ ਹੈ ਕਿ ਇਸ ਨਾਲ ਧਾਰਮਿਕ ਸਮੂਹ, ਚਰਚਾਂ, ਸਕੂਲਾਂ, ਮੰਤਰਾਲਿਆਂ ਅਤੇ ਕਈ ਗੈਰ ਲਾਭਕਾਰੀ ਸੰਸਥਾਵਾਂ 'ਤੇ ਬੋਝ ਵੱਧ ਸਕਦਾ ਹੈ। ਅਮਰੀਕੀ ਸਾਂਸਦ ਜੋਸ਼ ਹਾਰਡਰ ਮੁਤਾਬਕ ਉਨ੍ਹਾਂ ਨੇ ਟਰੰਪ ਨੂੰ ਚਿੱਠੀ ਲਿਖ ਕੇ ਚੀਨ ਤੋਂ ਆਉਣ ਵਾਲੀ ਬਾਈਬਲ ਨੂੰ ਦਰਾਮਦ ਟੈਕਸ ਦੇ ਦਾਇਰੇ ਵਿਚੋਂ ਬਾਹਰ ਰੱਖਣ ਦੀ ਅਪੀਲ ਕੀਤੀ ਹੈ ਕਿਉਂਕਿ ਦਰਾਮਦ ਟੈਕਸ ਵਧਾਉਣ ਦਾ ਅਸਰ ਬਾਈਬਲ ਦੀ ਕੀਮਤ 'ਤੇ ਪੈ ਸਕਦਾ ਹੈ।

Vandana

This news is Content Editor Vandana