ਭਾਰਤ-ਅਮਰੀਕਾ ਦੀ '2+2 ਵਾਰਤਾ' 'ਚ ਕਸ਼ਮੀਰ 'ਤੇ ਹੋਵੇਗੀ ਚਰਚਾ : ਵੇਲਜ਼

12/12/2019 2:54:31 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਇਕ ਸੀਨੀਅਰ ਡਿਪਲੋਮੈਟ ਨੇ ਕਿਹਾ ਕਿ ਅਗਲੇ ਹਫਤੇ ਭਾਰਤ ਅਤੇ ਅਮਰੀਕਾ ਵਿਚ ਹੋਣ ਵਾਲੀ 2+2 ਵਾਰਤਾ ਵਿਚ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਨਹੀਂ ਕੀਤੀ ਜਾਵੇਗੀ ਪਰ ਕਸ਼ਮੀਰ ਨਾਲ ਸਬੰਧਤ ਮੁੱਦਿਆਂ 'ਤੇ ਗੱਲ ਹੋਵੇਗੀ। ਦੱਖਣ ਅਤੇ ਮੱਧ ਏਸ਼ੀਆ ਦੀ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਐਲਿਸ ਜੀ. ਵੇਲਜ਼ ਨੇ ਸਾਬਕਾ ਰਾਸ਼ਟਰਪਤੀ ਡਵਾਈਟ ਡੇਵਿਡ ਆਈਜ਼ਨਹਾਵਰ ਦੀ ਭਾਰਤ ਦੀ ਇਤਿਹਾਸਿਕ ਯਾਤਰਾ ਦੀ 60ਵੀਂ ਵਰ੍ਹੇਗੰਢ 'ਤੇ ਬੁੱਧਵਾਰ ਨੂੰ ਇਕ ਪ੍ਰੋਗਰਾਮ ਵਿਚ ਕਿਹਾ,''ਅਗਲੇ ਹਫਤੇ ਹੋ ਰਹੀ 2+2 ਵਾਰਤਾ ਵਿਚ ਮਨੁੱਖੀ ਅਧਿਕਾਰਾਂ 'ਤੇ ਚਰਚਾ ਨਹੀਂ ਕੀਤੀ ਜਾਵੇਗੀ। ਭਾਵੇਂਕਿ ਮੈਨੂੰ ਭਰੋਸਾ ਹੈ ਕਿ ਕਸ਼ਮੀਰ ਦੇ ਮੁੱਦੇ ਅਤੇ ਭਾਰਤ ਦੇ ਸਾਹਮਣੇ ਪੇਸ਼ ਆ ਰਹੇ ਖਤਰੇ ਨਿਸ਼ਚਿਤ ਤੌਰ 'ਤੇ ਏਜੰਡੇ ਦਾ ਹਿੱਸਾ ਹੋਣਗੇ।'' 

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਮਰੀਕਾ ਦੇ ਆਪਣੇ ਹਮਰੁਤਬਿਆਂ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਰੱਖਿਆ ਮੰਤਰੀ ਮਾਰਕ ਐਸਪਰ ਦੇ ਨਾਲ 18 ਦਸੰਬਰ ਨੂੰ ਦੂਜੇ ਦੌਰ ਦੀ 2+2 ਵਾਰਤਾ ਲਈ ਅਗਲੇ ਹਫਤੇ ਇੱਥੇ ਆਉਣਗੇ। 2+2 ਭਾਰਤ-ਅਮਰੀਕਾ ਵਾਰਤਾ ਪਹਿਲੀ ਵਾਰ ਪਿਛਲੇ ਸਾਲ ਸਤੰਬਰ ਵਿਚ ਨਵੀਂ ਦਿੱਲੀ ਵਿਚ ਹੋਈ ਸੀ। ਵੇਲਜ਼ ਨੇ ਕਿਹਾ,''ਕਸ਼ਮੀਰ ਦੀ ਸਥਿਤੀ 'ਤੇ ਅਮਰੀਕਾ ਕਰੀਬੀ ਨਜ਼ਰ ਰੱਖ ਰਿਹਾ ਹੈ  ਅਤੇ ਉਹ ਭਾਰਤ ਸਰਕਾਰ ਤੋਂ ਆਸ ਕਰਦਾ ਹੈ ਕਿ ਉਹ ਹਿਰਾਸਤ ਵਿਚ ਲਈ ਗਏ ਲੋਕਾਂ ਨੂੰ ਰਿਹਾਅ ਕਰਨ ਅਤੇ ਰਾਜਨੀਤਕ ਤੇ ਆਰਥਿਕ ਹਾਲਾਤ ਸਧਾਰਨ ਬਣਾਉਣ ਲਈ ਵਧੀਕ ਕਦਮ ਚੁੱਕੇਗੀ ਜਿਸ ਨਾਲ ਸਥਾਨਕ ਤਣਾਅ ਘੱਟ ਕਰਨ ਵਿਚ ਮਦਦ ਮਿਲੇਗੀ।''

ਉਹਨਾਂ ਨੇ ਕਿਹਾ,''ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੂੰ ਸੀਮਾ ਪਾਰ ਸਰਗਰਮ ਅੱਤਵਾਦੀ ਸਮੂਹਾਂ ਦੇ ਕਾਰਨ ਗੰਭੀਰ ਸੁਰੱਖਿਆ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਕਸ਼ਮੀਰੀ ਲੋਕ ਭਾਰਤੀ ਸੰਵਿਧਾਨ ਦੇ ਤਹਿਤ ਪੂਰਨ ਅਧਿਕਾਰਾਂ ਦੇ ਹੱਕਦਾਰ ਹਨ ਅਤੇ ਸੰਵਿਧਾਨ ਵਿਚ ਸਾਰੇ ਭਾਰਤੀਆਂ ਦੀ ਧਾਰਮਿਕ ਆਜ਼ਾਦੀ ਦੇ ਲਈ ਸਨਮਾਨ ਦੀ ਵਿਵਸਥਾ ਹੈ।''

Vandana

This news is Content Editor Vandana