ਵਾਸ਼ਿੰਗਟਨ ਡੀ. ਸੀ. ਵਿਖੇ ਹੋਏ ਯੋਗ ਦਿਵਸ ਨੂੰ ਮਿਲਿਆ ਭਰਵਾਂ ਹੁੰਗਾਰਾ

06/17/2019 12:52:18 PM

ਵਾਸ਼ਿੰਗਟਨ (ਰਾਜ ਗੋਗਨਾ)— ਭਾਰਤੀ ਅੰਬੈਸੀ ਵੱਲੋਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਦੇ ਮੋਨਮੈਟਸ ਪਾਰਕ ਵਿੱਚ ਯੋਗ ਅਭਿਆਸ ਕਰਵਾਇਆ ਗਿਆ। ਇਸ ਯੋਗ ਅਭਿਆਸ ਵਿੱਚ ਯੋਗ ਨੂੰ ਪਿਆਰ ਕਰਨ ਵਾਲੇ 5 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਸ ਯੋਗ ਕੈਂਪ ਨੂੰ ਆਯੋਜਿਤ ਕਰਨ ਲਈ ਭਾਰਤੀ ਅੰਬੈਸੀ ਦੇ ਕਰਮਚਾਰੀਆਂ ਵਲੋਂ ਕਈ ਮਹੀਨਿਆਂ ਤੋਂ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਸੀ, ਜਿਸ ਕਰਕੇ ਇੱਥੇ ਭਾਰੀ ਇਕੱਠ ਹੋਇਆ।

ਯੋਗ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਹਰੇਕ ਨੂੰ ਯੋਗਾ ਦੀ ਟੀ-ਸ਼ਰਟ ਦਿੱਤੀ ਗਈ। ਉਪਰੰਤ ਉਸ ਨੂੰ ਯੋਗ ਕਰਨ ਦੀ ਥਾਂ ਅਲਾਟ ਕੀਤੀ ਗਈ। ਬਹੁਤ ਹੀ ਵਧੀਆ ਸਜੀ ਸਟੇਜ ਤੋਂ ਯੋਗ ਅਭਿਆਸ ਸਬੰਧੀ ਸਾਵਧਾਨੀਆਂ ਦੱਸੀਆਂ ਗਈਆਂ। ਫਿਰ ਇੱਕ-ਇੱਕ ਆਸਣ ਨੂੰ ਬਹੁਤ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਇਸ ਅਦਭੁੱਤ ਯੋਗ ਦਾ ਨਜ਼ਾਰਾ ਇਸ ਤਰ੍ਹਾਂ ਦਾ ਸੀ ਕਿ ਉਸ ਜਗ੍ਹਾ ਤੋਂ ਲੰਘ ਰਹੇ ਲੋਕਾਂ ਨੇ ਵੀ ਇਸ ਯੋਗ ਅਭਿਆਸ ਦਾ ਆਨੰਦ ਮਾਣਿਆ।

PunjabKesari

ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼ਿਰੰਗਲਾ ਦੀ ਅਗਵਾਈ ਵਿੱਚ ਸਾਰੇ ਸਟਾਫ ਨੇ ਜੀ ਤੋੜ ਕਿ ਮਿਹਨਤ ਕੀਤੀ। ਇਸ ਯੋਗ ਦਾ ਅਨੰਦ ਮਾਣ ਰਹੇ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਇਸ ਯੋਗ ਅਭਿਆਸ ਰਾਹੀਂ ਜੋ ਸਿੱਖਿਆ ਹੈ ਉਸ ਨੂੰ ਰੋਜ਼ਾਨਾ ਹੀ ਜ਼ਿੰਦਗੀ ਦਾ ਹਿੱਸਾ ਬਣਾਉਣਗੇ ਤਾਂ ਜੋ ਉਹ ਸਿਹਤਮੰਦ ਜ਼ਿੰਦਗੀ ਗੁਜਾਰ ਸਕਣ।ਸਮੁੱਚੇ ਤੌਰ ਤੇ ਇਹ ਯੋਗ ਅਭਿਆਸ ਅਮਰੀਕਨਾਂ ਤੇ ਖਾਸ ਕਰਕੇ ਸਾਊਥ ਏਸ਼ੀਅਨਾਂ ਲੋਕਾਂ ਤੇ ਆਪਣੀ ਵੱਖਰੀ ਛਾਪ ਛੱਡ ਗਿਆ। ਜਿਸ ਦਾ ਲੁਤਫ ਹਰੇਕ ਹਾਜ਼ਰੀਨ ਨੇ ਉਠਾਇਆ। ਇੱਕ ਅਭਿਆਸਕਾਰੀ ਰਾਜ ਰਾਠੌਰ ਨੇ ਦੱਸਿਆ ਕਿ ਅਜਿਹਾ ਯੋਗ ਅਭਿਆਸ ਦਾ ਨਜ਼ਾਰਾ ਮੈਂ ਪਹਿਲੀ ਵਾਰ ਦੇਖਿਆ ਜੋ ਪ੍ਰੇਰਨਾ ਸਰੋਤ ਹੋ ਨਿਬੜਿਆ।


Vandana

Content Editor

Related News