ਮਾਂ-ਬੇਟੀ ਨੇ ਇਕੱਠਿਆਂ ਉਡਾਇਆ ਜਹਾਜ਼, ਤਸਵੀਰ ਵਾਇਰਲ

03/24/2019 3:53:05 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਾਸ ਏਂਜਲਸ ਤੋਂ ਅਟਲਾਂਟਾ ਲਈ ਉਡਾਣ ਭਰਨ ਵਾਲੀ ਡੈਲਟਾ ਫਲਾਈਟ ਨੂੰ ਇਕ ਹੀ ਪਰਿਵਾਰ ਦੀ ਪਾਇਲਟ ਟੀਮ ਨੇ ਉਡਾਇਆ। ਇਹ ਗੱਲ ਜਾਣ ਕੇ ਜਹਾਜ਼ ਵਿਚ ਮੌਜੂਦ ਸਾਰੇ ਯਾਤਰੀ ਹੈਰਾਨ ਰਹਿ ਗਏ। ਅਸਲ ਵਿਚ ਇਸ ਫਲਾਈਟ ਨੂੰ ਦੋ ਔਰਤਾਂ ਉਡਾ ਰਹੀਆਂ ਸਨ ਜੋ ਅਸਲ ਵਿਚ ਮਾਂ-ਬੇਟੀ ਹਨ। ਯਾਤਰੀਆਂ ਨੇ ਉਸ ਮਾਂ-ਬੇਟੀ ਨਾਲ ਮਿਲਣ ਦੀ ਇੱਛਾ ਜ਼ਾਹਰ ਕੀਤੀ। ਬਾਅਦ ਵਿਚ ਉਨ੍ਹਾਂ ਨੂੰ ਇਹ ਮੌਕਾ ਵੀ ਦਿੱਤਾ ਗਿਆ। 

ਇਹ ਬੋਇੰਗ ਦਾ 757 ਜਹਾਜ਼ ਸੀ। ਜਿਸ ਵਿਚ ਪਾਇਲਟ ਸੀਟ 'ਤੇ ਬੈਠੀ ਮਾਂ ਅਤੇ ਬੇਟੀ ਦੀ ਤਸਵੀਰ ਵਾਇਰਲ ਹੋਈ। ਇਹ ਮਾਂ-ਬੇਟੀ ਦੋਵੇਂ ਫਲਾਈਟ ਦੀਆਂ ਚਾਲਕ ਮੈਂਬਰ ਹਨ। ਫਲਾਈਟ ਵਿਚ ਮਾਂ ਬਤੌਰ ਕੈਪਟਨ ਅਹੁਦੇ 'ਤੇ ਹੈ ਜਿਸ ਦਾ ਨਾਮ ਵੇਂਡੀ ਰੈਕਸਨ ਹੈ। ਉੱਥੇ ਉਨ੍ਹਾਂ ਦੀ ਬੇਟੀ ਕੇਲੀ ਰੈਕਸਨ ਫਰਸਟ ਅਫਸਰ ਦੇ ਅਹੁਦੇ 'ਤੇ ਹੈ। ਇਸ ਖਾਸ ਮੌਕੇ ਦੀ ਤਸਵੀਰ ਡੈਲਟਾ ਫਲਾਈਟ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ। ਜਿਸ ਵਿਚ ਲਿਖਿਆ ਹੈ 'ਫੈਮਿਲੀ ਫਲਾਈਟ ਕਰੂ ਗੋਲਸ'। 

 

ਮਾਂ-ਬੇਟੀ ਦੀ ਇਹ ਤਸਵੀਰ ਐਮਬਰੀ-ਰਿਡਲ ਵਰਲਡਵਾਈਡ ਦੇ ਚਾਂਸਲਰ ਜੌਨ ਆਰ ਵੇਟ੍ਰਟ ਨੇ ਲਈ ਹੈ। ਇਸ ਮਗਰੋਂ ਉਨ੍ਹਾਂ ਨੇ ਇਹ ਤਸਵੀਰ ਆਪਣੇ ਟਵਿੱਟਰ ਹੈਂਡਲ 'ਤੇ ਵੀ ਸ਼ੇਅਰ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫਲਾਈਟ ਵਿਚ ਵੇਟਰਟ ਯਾਤਰੀ ਸਨ। ਉਨ੍ਹਾਂ ਨੂੰ ਕੌਕਪਿੱਟ ਵਿਚ ਦੋਹਾਂ ਦੀਆਂ ਗੱਲਾਂ ਸੁਣਨ ਮਗਰੋਂ ਪਤਾ ਚੱਲਿਆ ਕਿ ਉਹ ਮਾਂ-ਬੇਟੀ ਹਨ। ਜਾਣਕਾਰੀ ਮੁਤਾਬਕ ਕੇਲੀ ਰੈਕਸਨ ਦੀ ਭੈਣ ਵੀ ਪਾਇਲਟ ਹੈ।

Vandana

This news is Content Editor Vandana