ਐਪਲ ਦੇ ਸੀ.ਈ.ਓ. ਨੇ ਦਾਨ ਕੀਤੇ 36 ਕਰੋੜ ਰੁਪਏ ਦੇ ਸ਼ੇਅਰ

08/27/2019 3:49:43 PM

ਵਾਸ਼ਿੰਗਟਨ (ਬਿਊਰੋ)— ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ 23,700 ਸ਼ੇਅਰ ਦਾਨ ਵਿਚ ਦਿੱਤੇ ਹਨ। ਕੰਪਨੀ ਨੇ ਸੋਮਵਾਰ ਨੂੰ ਰੈਗੂਲੇਟਰੀ ਫਾਈਲਿੰਗ ਵਿਚ ਇਹ ਜਾਣਕਾਰੀ ਦਿੱਤੀ। ਦਾਨ ਵਿਚ ਦਿੱਤੇ ਗਏ ਸ਼ੇਅਰਾਂ ਦੀ ਕੀਮਤ 50 ਲੱਖ ਡਾਲਰ (36 ਕਰੋੜ ਰੁਪਏ) ਹੈ। ਭਾਵੇਂਕਿ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਦਾਨ ਕਿਸ ਨੂੰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਟਿਮ ਨੇ ਪਿਛਲੇ ਸਾਲ ਅਗਸਤ ਵਿਚ ਵੀ ਇੰਨੀ ਹੀ ਕੀਮਤ ਵਾਲੇ ਸ਼ੇਅਰ ਦਾਨ ਕੀਤੇ ਸਨ। 

ਐਪਲ ਮੁਤਾਬਕ ਟਿਮ ਕੋਲ ਹੁਣ 8,54,849 ਸ਼ੇਅਰ ਹਨ। ਸ਼ੇਅਰ ਕੀਮਤ ਮੁਤਾਬਕ ਇਨ੍ਹਾਂ ਦੀ ਕੀਮਤ 17.6 ਕਰੋੜ ਡਾਲਰ (1267 ਕਰੋੜ ਰੁਪਏ) ਹੈ। ਦੱਸਣਯੋਗ ਹੈ ਕਿ ਟਿਮ ਸਾਲ 2015 ਤੋਂ ਲਗਾਤਾਰ ਦਾਨ ਕਰਦੇ ਆ ਰਹੇ ਹਨ। 2014 ਵਿਚ ਟਿਮ ਨੇ ਮਨੁੱਖੀ ਅਧਿਕਾਰ ਮੁਹਿੰਮ ਲਈ ਨਕਦ ਦਾਨ ਵੀ ਦਿੱਤਾ ਸੀ। ਉਹ ਰੌਬਰਟ ਐੱਫ. ਕੈਨੇਡੀ ਸੈਂਟਰ ਫੌਰ ਜਸਟਿਸ ਐਂਡ ਹਿਊਮਨ ਰਾਈਟਸ ਸੰਸਥਾ ਅਤੇ ਹਿਊਮਨ ਰਾਈਟਸ ਮੁਹਿੰਮਾਂ ਲਈ ਦਾਨ ਦਿੰਦੇ ਰਹੇ ਹਨ। 

ਟਿਮ ਦੇ ਸ਼ੇਅਰ ਦਾਨ ਕਰਨ ਤੋਂ ਇਲਾਵਾ ਐਪਲ ਨੇ ਸੋਮਵਾਰ ਨੂੰ ਇਕ ਵੱਖਰਾ ਐਲਾਨ ਵੀ ਕੀਤਾ। ਇਸ ਮੁਤਾਬਕ ਅਮੇਜ਼ਨ ਦੇ ਜੰਗਲਾਂ ਦੀ ਸੁਰੱਖਿਆ ਲਈ ਦਾਨ ਦੇਣ ਦੀ ਯੋਜਨਾ ਹੈ। ਟਿਮ ਨੇ ਖੁਦ ਟਵੀਟ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ।

 


Vandana

Content Editor

Related News