ਅਮਰੀਕਾ : ਸੁਰਜੀਤ ਸਿੰਘ ਮੱਟੂ ਦੇ ਅਮਰ ਇੰਡੀਆ ਰੈਸਟੋਰੇਂਟ ਨੇ ਜਿੱਤਿਆ ਸਰਵੋਤਮ ''ਪੁਰਸਕਾਰ''

01/24/2023 12:35:36 PM

ਡੇਟਨ (ਰਾਜ ਗੋਗਨਾ)- ਵਿਦੇਸ਼ਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਆਪਣੀ ਹਿੰਮਤ ਅਤੇ ਮਿਹਨਤ ਸਦਕਾ ਅਨੇਕਾਂ ਪੰਜਾਬੀ ਨਾਮਣਾ ਖੱਟ ਰਹੇ ਹਨ। ਅਜਿਹੀਆਂ ਹੀ ਸ਼ਖ਼ਸੀਅਤਾਂ ਵਿੱਚੋਂ ਇੱਕ ਨਾਮਵਰ ਸ਼ਖ਼ਸੀਅਤ ਸੁਰਜੀਤ ਸਿੰਘ ਮੱਟੂ ਹਨ, ਜੋ ਅਮਰੀਕਾ ਦੇ ਓਹਾਇਓ ਸੂਬੇ ਦੇ ਸ਼ਹਿਰ ਡੇਟਨ ਵਿਚ ਰਹਿੰਦੇ ਹਨ ਅਤੇ ਜੋ ਹਵਾਈ ਜਹਾਜ਼ਾਂ ਦੇ ਜਨਮਦਾਤਾ ਸ਼ਹਿਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਉਨ੍ਹਾਂ ਦਾ ਅਮਰ ਇੰਡੀਆ ਰੈਸਟੋਰੇਂਟ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਬਹੁਤ ਸਾਰੇ ਪੁਰਸਕਾਰ ਵੀ ਜਿੱਤ ਰਿਹਾ ਹੈ।

ਬੀਤੇ ਦਿਨੀਂ ਸਾਲ 2022 ਲਈ ਓਹਾਇਓ ਰੈਸਟੋਰੈਂਟ ਐਸੋਸੀਏਸ਼ਨ ਵਲੋਂ ਅਮਰ ਇੰਡੀਆ ਰੈਸਟੋਰੈਂਟ ਨੂੰ ਪੂਰੇ ਓਹਾਇਓ ਸੂਬੇ ਵਿਚੋਂ ਬੈਸਟ ਰੈਸਟੋਰੈਂਟ ਪੁਰਸਕਾਰ ਨਾਲ ਨਿਵਾਜਿਆ ਗਿਆ। ਇਹ ਰੈਸਟੋਰੈਂਟ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਂ ‘ਤੇ 1991 ਵਿੱਚ ਖੋਲ੍ਹਿਆ ਸੀ। ਇਹੀ ਨਹੀਂ ਪਿਛਲੇ ਸਾਲ 2022 ਵਿੱਚ ਡੋਰਡੈਸ਼ ਕੰਪਨੀ ਵਲੋਂ ਅਮਰੀਕਾ ਦੇ ਚੋਟੀ ਦੇ 100 ਰੈਸਟੋਰੈਂਟਾਂ ਦੀ ਸੂਚੀ ਵਿਚ ਓਹਾਇਓ ਸੂਬੇ ਦਾ ਇਹ ਇਕਲੌਤਾ ਸਭ ਤੋਂ ਹਰਮਨ ਪਿਆਰਾ ਰੈਸਟੋਰੈਂਟ ਸੀ। ਸਾਲ 2022 ਦੀਆਂ ਹੋਰ ਉਪਲਬਧੀਆਂ ਵਿੱਚ ਉਹਨਾਂ ਨੂੰ ਸਾਉਥ ਮੈਟਰੋ ਚੈਂਬਰ ਆਫ ਕਾਮਰਸ ਡੇਟਨ ਵਲੋਂ “ਬੈਸਟ ਬਿਜ਼ਨਜ਼ ਸਾਉਥ ਡੇਟਨ” ਅਤੇ ਡੇਟਨ ਬਿਜ਼ਨਜ਼ ਜਰਨਲ ਵਲੋਂ “ਬੈਸਟ 50 ਕੰਪਨੀਜ਼ ਇਨ ਰੀਜਨ” ਪੁਰਸਕਾਰ ਵੀ ਮਿਲਿਆ।

ਸੁਰਜੀਤ ਸਿੰਘ ਅਨੁਸਾਰ ਇਸ ਕਾਮਯਾਬੀ ਵਿੱਚ ਉਹਨਾਂ ਦੀ ਪਤਨੀ ਜਤਿੰਦਰ ਕੌਰ ਮੱਟ ਸਪੁੱਤਰੀ ਕੈਪਟਨ ਗੁਰਦਿਆਲ ਸਿੰਘ ਤੋਂ ਇਲਾਵਾ ਛੋਟੇ ਭਰਾ ਲਖਵਿੰਦਰ ਸਿੰਘ ਮੱਟੂ, ਭਾਣਜਾ ਮਨਦੀਪ ਸਿੰਘ ਪੱਡਾ, ਭੈਣ ਸਵਰਣ ਕੌਰ ਸੰਧੂ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਵੀ ਵੱਡਮੁੱਲਾ ਯੋਗਦਾਨ ਪਾਇਆ ਹੈ।ਸਾਲ 2022 ਵਿੱਚ ਮਿਲੇ ਪੁਰਸਕਾਰਾਂ ਤੋਂ ਇਲਾਵਾਂ ਉਹਨਾਂ ਨੇ ਮਿਹਨਤ ਸਦਕਾ 2017, 2018, 2019, 2020, 2021, 2022 ਤੋਂ ਹਰ ਸਾਲ ਲਗਾਤਾਰ ਡੇਟਨ ਡੇਲੀ ਨਿਉਜ਼ ਅਖ਼ਬਾਰ ਵਲੋਂ “ਬੈਸਟ ਆਫ਼ ਡੇਟਨ” ਅਵਾਰਡ ਵੀ ਪ੍ਰਾਪਤ ਕੀਤਾ ਹੈ। 2021 ਵਿੱਚ ਮਿਆਮੀ ਟਾਊਨਸ਼ਿਪ ਪੁਲਸ ਵਿਭਾਗ ਵਲੋਂ ੳੇਹਨਾਂ ਨੂੰ “ਚੀਫ਼ਸ ਅਵਾਰਡ ਆਫ਼ ਐਕਸੀਲੈਂਸੀ ਫਾਰ ਕਮਿਉਨਿਟੀ ਸਰਵਿਸ” ਵੀ ਦਿੱਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਦੀ PM ਵਜੋਂ ਜੈਸਿੰਡਾ ਆਖਰੀ ਵਾਰ ਜਨਤਕ ਤੌਰ 'ਤੇ ਆਈ ਸਾਹਮਣੇ, ਕਹੀਆਂ ਇਹ ਗੱਲਾਂ 

ਉਹਨਾਂ ਦੀਆਂ ਹੋਰਨਾਂ ਪ੍ਰਾਪਤੀਆਂ ਵਿੱਚ ਟ੍ਰਿਪ ਐਡਵਾਈਜ਼ਰ ਕੰਪਨੀ ਵਲੋਂ ਸਾਲ 2008 ਵਿੱਚ 357 ਰੈਸਟੋਰੈਂਟ ਵਿੱਚੋਂ ਨੰਬਰ ਇੱਕ ਰੈਸਟੋਰੈਂਟ, ਸਾਲ 2012 ਅਤੇ 2016 ਵਿੱਚ ਸਰਟੀਫੀਕੇਟ ਆਫ ਐਕਸੀਲੈਂਸ ਪੁਰਸਕਾਰ ਵੀ ਦਿੱਤਾ ਗਿਆ। ਇਸ ਦੇ ਨਾਲ 2005, 2006, 2007, 2008 ਵਿੱਚ ਏਏਏ ਦੁਆਰਾ ਡਾਇਮੰਡ ਰੇਟਿੰਗ ਦਿੱਤੀ ਗਈ। ਦੁਨੀਆ ਦੀ ਮਸ਼ਹੂਰ ਕੰਪਨੀ ਜਨਰਲ ਇਲੈਕਟ੍ਰਿਕ (ਜੀ.ਈ) ਵਲੋਂ ਸਰਟੀਫਿਕੇਟ ਆਫ਼ ਐਕਸੀਲੈਂਸ ਵੀ ਪ੍ਰਦਾਨ ਕੀਤਾ ਗਿਆ ਹੈ। ਇੰਡੀਆ ਕਲੱਬ ਆਫ਼ ਗ੍ਰੇਟਰ ਡੇਟਨ ਅਤੇ ਇੰਡੀਆ ਕਲੱਬ ਆਫ਼ ਸਿਨਸਿਨਾਟੀ ਵਲੋਂ ਵੀ ਅਨੇਕਾਂ ਵਾਰ ਅਤੇ ਟ੍ਰਾਈ ਸਟੇਟ ਦੁਰਗਾ ਪੂਜਾ ਸੁਸਾਇਟੀ ਵਲੋਂ ਬੈਸਟ ਕੈਟਰ ਪੁਰਸਕਾਰ ਮਿਲ ਚੁੱਕਾ ਹੈ।ਉਹ ਸਮਾਜ ਸੇਵੀ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਭਾਗ ਲੈਂਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਹੈਰਾਨੀਜਨਕ! 3 ਸਾਲ ਦਾ ਬੱਚਾ ਬੋਲਦਾ ਹੈ 7 ਭਾਸ਼ਾਵਾਂ

ਜਾਣੋ ਸੁਰਜੀਤ ਸਿੰਘ ਬਾਰੇ 

ਜਿੱਥੋਂ ਤੀਕ ਸੁਰਜੀਤ ਸਿੰਘ ਦੇ ਪਿਛੋਕੜ ਦਾ ਸੰਬੰਧ ਹੈ ਉਹ ਪਿੰਡ ਬੱਗਾ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਦਾ ਜੰਮਪਲ ਹੈ। ਉਹਨਾਂ ਨੇ ਮੁੱਢਲੀ ਸਿੱਖਿਆ ਪਿੰਡ ਬੱਗਾ, ਹਾਇਅਰ ਸੈਕੰਡਰੀ ਮੰਗਲ ਅੰਬੀਆਂ ਅਤੇ ਬੀ.ਏ. ਦੀ ਡਿਗਰੀ 1975 ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਤੋਂ ਪ੍ਰਾਪਤ ਕੀਤੀ। ਉਹ 1981 ਵਿੱਚ ਅਮਰੀਕਾ ਦੇ ਸ਼ਹਿਰ ਬੋਸਟਨ ਆਏ ਜਿਥੇ ਉਹਨਾਂ ਨੇ ਇਲੈਕਟ੍ਰੀਸ਼ਨ ਦੇ ਨਾਲ ਰੈਸਟੋਰੈਂਟ ਵਿੱਚ ਪਾਰਟ-ਟਾਈਮ ਕੰਮ ਕਰਨਾ ਸ਼ੁਰੂ ਕੀਤਾ। 1982 ਵਿੱਚ ਉਹ ਹਿਊਸਟਨ ਟੈਕਸਾਸ ਤੇ ਫਿਰ 1984 ਵਿੱਚ ਡੇਟਨ ਆਏ। ਇੱਥੇ ਉਹਨਾਂ ਨੂੰ ਟੇਸਟ ਆਫ਼ ਇੰਡੀਆ ਰੈਸਟੋਰੈਂਟ ਦੀ ਨਿਗਰਾਨੀ ਦਾ ਕੰਮ ਸੌਂਪਿਆ ਗਿਆ। 1989 ਵਿੱਚ ਅਮਰੀਕਨ ਰੈਸਟੋਰੈਂਟ ਹੈਲਨ ਆਫ਼ ਟ੍ਰਾਇ ਵਿੱਚ ਬਤੌਰ ਜਨਰਲ ਮੈਨੇਜ਼ਰ ਕੰਮ ਕਰਨ ਉਪਰੰਤ ਉਹਨਾਂ 1991 ਵਿੱਚ ਅਮਰ ਇੰਡੀਆ ਨਾਂ ਦਾਂ ਰੈਸਟੋਰੇਂਟ ਬਣਾਇਆ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana