ਅਮਰੀਕਾ : ਸਿੱਖਾਂ ਨੇ ''ਸਿੱਖ ਧਰਮ'' ਨੂੰ ਸਕੂਲੀ ਪਾਠਕ੍ਰਮ ''ਚ ਸ਼ਾਮਲ ਕਰਵਾਉਣ ਲਈ ਕੀਤੀ ਪਹਿਲ

06/26/2023 11:11:56 AM

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ੳਹਾਇੳ ਸੂਬੇ ਦੀ ਰਾਜਧਾਨੀ ਕੋਲੰਬਸ ਵਿੱਚ ਸਿੱਖ ਕੋਲੀਸ਼ਨ ਵਲੋਂ ਦਿੱਤੇ ਗਏ ਸੱਦੇ ‘ਤੇ ਕੋਲੰਬਸ, ਸਿਨਸਿਨਾਟੀ, ਡੇਟਨ, ਕਲੀਵਲੈਂਡ ਤੇ ਹੋਰਨਾਂ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਓਹਾਇਓ ਦੇ ਸਟੇਟ ਹਾਊਸ ਵਿੱਚ ਪੁੱਜੇ। ਇੱਥੇ ਉਹਨਾਂ ਨੇ ਸੂਬੇ ਦੇ ਵੱਖ-ਵੱਖ ਪਾਰਟੀਆਂ ਦੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਹਾਊਸ ਬਿੱਲ 171 ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਹ ਬਿੱਲ ਓਹਾਇਓ ਸੂਬੇ ਦੀ ਡੀਸਟ੍ਰਿਕਟ 4 ਦੇ ਪ੍ਰਤੀਨਿਧ (ਰਿਪਰੀਜ਼ੈਨਟੇਟਿਵ) ਮੈਰੀਲਾਈਟ ਬੋਡੀ ਜੋ ਕਿ ਡੋਮੋਕਰੈਟ ਪਾਰਟੀ ਤੋਂ ਹਨ, ਵਲੋਂ ਪੇਸ਼ ਕੀਤਾ ਗਿਆ ਹੈ। 

ਇਸ ਬਿੱਲ ਵਿੱਚ ਏਸ਼ੀਅਨ ਅਮਰੀਕੀ ਤੇ ਪੈਸੀਫਿਕ ਆਈਲੈਂਡ ਕਮਿਊਨਿਟੀ ਬਾਰੇ ਸਮਾਜਿਕ ਵਿਗਿਆਨ ਵਿੱਚ ਜਾਣਕਾਰੀ ਸ਼ਾਮਲ ਕਰਨ ਦੀ ਵਿਵਸਥਾ ਹੈ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਏਸ਼ੀਅਨ ਖਿੱਤੇ ਦੇ ਵੱਖ-ਵੱਖ ਭਾਈਚਾਰਿਆਂ ਦੀ ਜਾਣਕਾਰੀ ਸਮੇਤ ਸਿੱਖ ਧਰਮ ਬਾਰੇ ਵੀ ਜਾਣਕਾਰੀ ਸਕੂਲ ਦੇ ਪਾਠਕ੍ਰਮ ਵਿੱਚ ਸ਼ਾਮਲ ਹੋ ਸਕੇਗੀ। ਇਸ ਨਾਲ ਸਿੱਖ ਬੱਚਿਆਂ ਨਾਲ ਸਿੱਖ ਕਕਾਰਾਂ ਬਾਰੇ ਕੀਤੀ ਜਾਂਦੀ ਛੇੜਖਾਣੀ ਨੂੰ ਵੀ ਠੱਲ ਪਵੇਗੀ। ੳਹਾਇੳ ਦੇ ਸਿੱਖਾਂ ਨੇ ਵੱਖ-ਵੱਖ ਵਫਦ ਬਣਾ ਕੇ ਹਾਊਸ ਦੇ ਪ੍ਰਤੀਨਿਧ ਜੈਨੀਫਰ ਗਰੋਸ, ਏਲੀਅਟ ਫੋਰਹੈਨ, ਸੇਡਰਿਕ ਡੈਨਸਨ ਸਮੇਤ ਕਈ ਹੋਰਨਾਂ ਨਾਲ ਮੁਲਾਕਾਤ ਕਰਕੇ ਬਿੱਲ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਹਵਾਈ ਜਹਾਜ਼ ਦੇ ਇੰਜਣ ਦੀ ਲਪੇਟ 'ਚ ਆਉਣ ਨਾਲ ਕਰਮਚਾਰੀ ਦੀ ਦਰਦਨਾਕ ਮੌਤ

ਇੱਥੇ ਵਰਨਣਯੋਗ ਹੈ ਕਿ ਸੂਬੇ ਦੇ ਵੱਖ-ਵੱਖ ਗੁਰਦੁਆਰਿਆਂ ਵਲੋਂ ਵੀ ਇਸ ਬਿਲ ਦੇ ਹੱਕ ਵਿੱਚ ਦਸਤਖਤੀ ਮੁਹਿੰਮ ਅਰੰਭੀ ਗਈ ਹੈ ਤੇ ਆਪਣੇ ਆਪਣੇ ਇਲਾਕੇ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦਿੱਤੇ ਗਏ। ਸਿੱਖ ਕੋਲੀਸ਼ਨ ਦੇ ਕਮਿਉਨਿਟੀ ਡਿਵੈਲਪਮੈਂਟ ਮੈਨੇਜਰ ਯਸ਼ਪ੍ਰੀਤ ਸਿੰਘ ਅਤੇ ਵਕੀਲ ਮਰੀਸਾ ਰੋਸੇਟੀ ਨੇ ਇਸ ਬਿੱਲ ਸੰਬੰਧੀ ਸਿੱਖ ਭਾਈਚਾਰੇ ਨਾਲ ਜਾਣਕਾਰੀ ਸਾਂਝੀ ਕੀਤੀ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana