ਕਰਤਾਰਪੁਰ ਲਾਂਘੇ ਸਬੰਧੀ ਦੁਵੱਲੀ ਗੱਲਬਾਤ ਦੀ ਸਿੱਖਸ ਆਫ ਅਮਰੀਕਾ ਵਲੋਂ ਜ਼ੋਰਦਾਰ ਹਮਾਇਤ

03/15/2019 10:16:47 AM

ਵਾਸ਼ਿੰਗਟਨ ਡੀ. ਸੀ.(ਰਾਜ ਗੋਗਨਾ)— ਭਾਰਤ-ਪਾਕਿਸਤਾਨ ਦੀ ਸੀਮਾ ਤੇ ਭਾਵੇਂ ਤਣਾਅ ਵਾਲਾ ਮਾਹੌਲ ਚੱਲ ਰਿਹਾ ਹੈ, ਪਰ ਬਾਬੇ ਨਾਨਕ ਦੀ ਅਪਾਰ ਕ੍ਰਿਪਾ ਅਤੇ ਅਰਦਾਸਾਂ ਸਦਕਾ ਇਸ ਕਰਤਾਪੁਰ ਲਾਂਘੇ ਦੇ ਕਾਰਜ ਵਿਚ ਕੋਈ ਰੁਕਾਵਟ ਨਹੀਂ ਆ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰਾਖਦਿਲੀ ਹੈ ਕਿ ਉਨ੍ਹਾਂ ਵਲੋਂ ਦੁਵੱਲੀ ਗੱਲਬਾਤ ਨੂੰ ਜਾਰੀ ਰੱਖਿਆ ਗਿਆ ਹੈ। ਜਿਸ ਸਦਕਾ ਕੰਮ ਵਿਚ ਤੇਜ਼ੀ ਆਉਣ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ। 

ਬੀਤੇ ਦਿਨ ਸਿੱਖਸ ਆਫ ਅਮਰੀਕਾ ਦੀ ਅਗਜ਼ੈਕਟਿਵ ਮੀਟਿੰਗ ਦੌਰਾਨ ਜਿੱਥੇ ਭਾਰਤ ਸਰਕਾਰ ਦੀ ਸ਼ਲਾਘਾ ਕੀਤੀ ਗਈ ਹੈ, ਉੱਥੇ ਇਹ ਕਰਤਾਰਪੁਰ ਕੋਰੀਡੋਰ ਨਵੰਬਰ ਦੇ ਦੂਜੇ ਹਫਤੇ ਖੋਲ੍ਹਣ ਸਬੰਧੀ ਜ਼ੋਰਦਾਰ ਅਪੀਲ ਵੀ ਕੀਤੀ ਗਈ ਹੈ। ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਪਹਿਲੇ ਜਥੇ ਵਿਚ ਅਮਰੀਕਾ ਤੋਂ ਸਿੱਖਸ ਆਫ ਅਮਰੀਕਾ ਦਾ ਡੈਲੀਗੇਟ ਸ਼ਾਮਲ ਹੋਵੇਗਾ। ਜਿਸ ਦੀ ਅਗਵਾਈ ਕੰਵਲਜੀਤ ਸਿੰਘ ਸੋਨੀ ਕੁਆਰਡੀਨੇਟਰ ਸਿੱਖ ਅਫੇਅਰ ਬੀ. ਜੇ. ਪੀ. ਓਵਰਸੀਜ਼ ਕਰਨਗੇ।  

ਭਾਵੇਂ ਦੋਹਾਂ ਮੁਲਕਾਂ ਵਲੋਂ ਦੁਵੱਲੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਸਬੰਧੀ ਇਹ ਪਲੇਠੀ ਮੀਟਿੰਗ ਅਟਾਰੀ ਵਿਖੇ ਕੀਤੀ ਜਾ ਰਹੀ ਹੈ ਪਰ ਸੁਚਾਰੂ ਤੇ ਉਸਾਰੂ ਮਾਹੌਲ ਵਿਚ ਮੀਟਿੰਗ ਕਾਮਯਾਬੀ ਦਾ ਰਾਹ ਅਖਤਿਆਰ ਕਰੇਗੀ ਤੇ ਕਰਤਾਰਪੁਰ ਲਾਂਘੇ ਨੂੰ ਨਿਯਮਿਤ ਸਮੇਂ ਤੇ ਖੋਲ੍ਹਣ ਤੇ ਮੋਹਰ ਲਗਾਵੇਗੀ। ਸਿੱਖਸ ਆਫ ਅਮਰੀਕਾ ਨੇ ਜਿੱਥੇ ਭਾਰਤੀ ਅਤੇ ਪਾਕਿਸਤਾਨ ਅੰਬੈਸਡਰਾਂ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ ਉੱਥੇ ਉਹ ਸਮੇਂ-ਸਮੇਂ ਹੋਣ ਵਾਲੀ ਪ੍ਰਗਤੀ ਤੇ ਨਜ਼ਰ ਟਿਕਾਈ ਬੈਠਾ ਹੈ ਤਾਂ ਜੋ ਇਹ ਕਰਤਾਰਪੁਰ ਲਾਂਘਾ ਆਪਣਾ ਰਾਹ ਅਖਤਿਆਰ ਕਰ ਲਵੇ।

Vandana

This news is Content Editor Vandana