ਇਸ ਸ਼ਖਸ ਨੇ ਪੂਰਾ ਸਾਲ ਖਾਧੇ ਐਕਸਪਾਇਰੀ ਡੇਟ ਵਾਲੇ ਖਾਧ ਪਦਾਰਥ

06/18/2019 12:36:57 PM

ਵਾਸ਼ਿੰਗਟਨ (ਬਿਊਰੋ)— ਪਿਛਲੇ ਸਾਲ ਮੌਮਸ ਓਰਗੇਨਿਕ ਮਾਰਕੀਟ ਦੇ ਬਾਨੀ ਅਤੇ ਸੀ.ਈ.ਓ. ਸਕੌਟ ਨੈਸ਼ ਨੇ ਕੁਝ ਅਜਿਹਾ ਕੀਤਾ ਜਿਸ ਨੂੰ ਕਰਨ ਵਿਚ ਜ਼ਿਆਦਾਤਰ ਲੋਕ ਡਰਦੇ ਹਨ। ਉਨ੍ਹਾਂ ਨੇ ਦਹੀ ਦੀ ਐਕਸਪਾਇਰੀ ਡੇਟ ਖਤਮ ਹੋਣ ਦੇ ਮਹੀਨਿਆਂ ਬਾਅਦ ਉਸ ਨੂੰ ਖਾਧਾ। ਇਸ ਦੇ ਬਾਅਦ ਉਨ੍ਹਾਂ ਨੇ ਟੋਰਟੀਲਾਸ ਖਾਧਾ, ਜਿਸ ਦੀ ਐਕਸਪਾਇਰੀ ਡੇਟ ਇਕ ਸਾਲ ਪਹਿਲਾਂ ਖਤਮ ਹੋ ਗਈ ਸੀ। ਨੈਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੂਰਾ ਸਾਲ ਇਹ ਪ੍ਰਯੋਗ (experiment) ਕੀਤਾ, ਜਿਸ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੀ ਡੇਟ ਨਿਕਲਣ ਦੇ ਕਈ ਹਫਤਿਆਂ ਜਾਂ ਮਹੀਨਿਆਂ ਦੇ ਬਾਅਦ ਵੀ ਉਨ੍ਹਾਂ ਨੂੰ ਖਾਧਾ। 

ਅਸਲ ਵਿਚ ਨੈਸ਼ ਦਿਖਾਉਣਾ ਚਾਹੁੰਦੇ ਸਨ ਕਿ ਖਾਣ-ਪੀਣ ਦੀਆਂ ਚੀਜ਼ਾਂ ਵਿਚ ਲਿਖੀ ਐਕਸਪਾਇਰੀ ਡੇਟ ਦਾ ਕੋਈ ਮਤਲਬ ਨਹੀਂ ਹੁੰਦਾ। ਉਂਝ ਹਰ ਖਾਣ-ਪੀਣ ਵਾਲੀ ਚੀਜ਼ 'ਤੇ ਉਸ ਦੀ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ, ਜਿਸ ਨੂੰ ਦੇਖ ਕੇ ਲੋਕ ਇਹ ਪਤਾ ਕਰਦੇ ਹਨ ਕਿ ਇਸ ਸਾਮਾਨ ਕਿੰਨੇ ਦਿਨਾਂ ਬਾਅਦ ਖਾਣ ਦੇ ਲਾਇਕ ਨਹੀਂ ਰਹੇਗਾ। ਨੈਸ਼ ਨੇ ਕਿਹਾ ਕਿ ਇਸ ਪ੍ਰਯੋਗ ਦੇ ਬਾਅਦ ਮੈਂ ਸਮਝ ਗਿਆ ਹਾਂ ਕਿ ਖਾਧ ਪਦਾਰਥਾਂ 'ਤੇ ਲੱਗੇ ਲੇਬਲ 'ਤੇ ਲਿਖੀ ਤਰੀਕ ਦਾ ਖਾਧ ਪਦਾਰਥ ਦੇ ਨਾਲ ਬਹੁਤ ਘੱਟ ਲੈਣਾ-ਦੇਣਾ ਹੁੰਦਾ ਹੈ। 

ਕਈ ਮਾਮਲਿਆਂ ਵਿਚ ਐਕਸਪਾਇਰੀ ਡੇਟ ਇਹ ਨਹੀਂ ਦਰਸਾਉਂਦੀ ਕਿ ਉਹ ਭੋਜਨ ਖਾਣ ਲਈ ਕਦੋਂ ਸੁਰੱਖਿਅਤ ਨਹੀਂ ਰਹੇਗਾ ਸਗੋਂ ਇਸ ਵਿਚ ਉਹ ਤਰੀਕ ਦਿੱਤੀ ਜਾਂਦੀ ਹੈ ਜਦੋਂ ਨਿਰਮਾਤਾ ਨੂੰ ਇਹ ਲੱਗਦਾ ਹੈ ਕਿ ਇਸ ਤਰੀਕ ਦੇ ਬਾਅਦ ਉਹ ਚੰਗਾ ਸੁਆਦ ਨਹੀਂ ਦੇ ਸਕੇਗੀ। ਉਨ੍ਹਾਂ ਮੁਤਾਬਕ ਕੁਝ ਖਾਧ ਪਦਾਰਥ ਜਿਵੇਂ ਡੇਲੀ ਮੀਟ, ਅਨਪੇਸਟੁਰਾਈਜ਼ਡ ਦੁੱਧ, ਪਨੀਰ ਅਤੇ ਆਲੂ ਜਿਹੇ ਪਹਿਲਾਂ ਤੋਂ ਤਿਆਰ ਫੂਡ (prepared food) ਜਿਨ੍ਹਾਂ ਨੂੰ ਤੁਸੀਂ ਗਰਮ ਨਹੀਂ ਕਰਦੇ ਹੋ, ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਾਰਨ ਉਨ੍ਹਾਂ ਦੀ ਵਰਤੋਂ ਦੀ ਤਰੀਕ ਨਿਕਲ ਜਾਣ ਦੇ ਬਾਅਦ ਸੁੱਟ ਦਿੱਤਾ ਜਾਣਾ ਚਾਹੀਦਾ ਹੈ। 

ਨੈਸ਼ ਨੇ ਦੱਸਿਆ ਕਿ ਲੈਂਡਫਿਲ ਸਾਈਟਸ ਵਿਚ ਭੋਜਨ ਦੀ ਬਰਬਾਦੀ ਮੀਥੇਨ ਗੈਸ ਪੈਦਾ ਕਰਦੀ ਹੈ ਜੋ ਇਕ ਗ੍ਰੀਨ ਹਾਊਸ ਗੈਸ ਹੈ। ਇਹ ਕਾਰਬਨਡਾਈਆਕਸਾਈਡ ਦੀ ਤੁਲਨਾ ਵਿਚ ਵਾਯੂਮੰਡਲ ਵਿਚ ਗਰਮੀ ਪੈਦਾ ਕਰਨ ਵਿਚ 28 ਤੋਂ 36 ਗੁਣਾ ਜ਼ਿਆਦਾ ਪ੍ਰਭਾਵੀ ਹੈ। ਇਸ ਤਰ੍ਹਾਂ ਭੋਜਨ ਦੀ ਬਰਬਾਦੀ ਕਰ ਕੇ ਤੁਸੀਂ ਸਿਰਫ ਕੈਲੋਰੀ ਅਤੇ ਪੈਸੇ ਦੀ ਬਰਬਾਦੀ ਨਹੀਂ ਕਰਦੇ ਸਗੋਂ ਉਨ੍ਹਾਂ ਸਾਰੇ ਸਰੋਤਾਂ ਨੂੰ ਬਰਬਾਦ ਕਰਦੇ ਹੋ ਜੋ ਉਸ ਭੋਜਨ ਨੂੰ ਉਗਾਉਣ, ਪੈਕੇਜਿੰਗ ਕਰਨ ਅਤੇ ਟਰਾਂਸਪੋਟ ਕਰਨ ਵਿਚ ਵਰਤੇ ਗਏ ਸਨ।

Vandana

This news is Content Editor Vandana