ਅਮਰੀਕਾ ਦਾ ਆਜ਼ਾਦੀ ਦਿਹਾੜਾ ਫਰਿਜ਼ਨੋ ਵਿਖੇ ਧੂਮਧਾਮ ਨਾਲ ਮਨਾਇਆ ਗਿਆ

07/05/2022 6:28:42 PM

ਫਰਿਜਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਲੰਘੀ 3 ਜੁਲਾਈ ਨੂੰ ਅਮਰੀਕਾ ਦਾ 246ਵਾਂ ਆਜ਼ਾਦੀ ਦਿਹਾੜਾ ਪੂਰੀ ਅਮਰੀਕਾ ’ਚ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸੇ ਕੜੀ ਤਹਿਤ ਕਬੱਡੀ ਪ੍ਰਮੋਟਰ ਅਤੇ ਟਰਾਂਸਪੋਰਟਰ ਨਾਜਰ ਸਿੰਘ ਸਹੋਤਾ, ਲੇਖਕ ਅਮਰਜੀਤ ਸਿੰਘ ਦੌਧਰ ਅਤੇ ਸਾਥੀਆ ਦੇ ਉੱਦਮ ਸਦਕਾ ਫਰਿਜ਼ਨੋ ਦੇ ਬੰਬੇ ਬਿਜ਼ਨੈੱਸ ਪਾਰਕ ’ਚ ਵੀ ਅਮਰੀਕਾ ਦਾ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅਮੇਰਿਕਨ ਫਲੈਗ ਅਤੇ ਖਾਲਸਾਈ ਝੰਡਿਆਂ ਨਾਲ ਸ਼ਿੰਗਾਰੇ ਘੋੜੇ ਅਤੇ ਫੋਰਡ ਟਰੈਕਟਰ ਖ਼ਾਸ ਖਿੱਚ ਦਾ ਕੇਂਦਰ ਰਹੇ। ਘੋੜਸਵਾਰਾਂ ਨੇ ਘੋੜਿਆਂ ਦੀ ਚਾਲ ਘੜਾਉਂਦਿਆਂ ਘੋੜਸਵਾਰੀ ਦੇ ਚੰਗੇ ਜੌਹਰ ਵਿਖਾਏ।

ਕੋਵਿਡ 19 ਪਿੱਛੋਂ ਇਸ ਮੇਲੇ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਘੋੜਸਵਾਰੀ ਅਤੇ ਟਰੈਕਟਰ ਸ਼ੋਅ ਤੋਂ ਬਾਅਦ ’ਚ ਅੰਡਰ 21 ਕਬੱਡੀ ਸ਼ੋਅ ਮੈਚ ਦਾ ਦਰਸ਼ਕਾਂ ਨੇ ਖ਼ੂਬ ਆਨੰਦ ਮਾਣਿਆ। ਪ੍ਰੋਗਰਾਮ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸ਼ਾਇਰਾਨਾ ਅੰਦਾਜ਼ ’ਚ ਸਭਨਾਂ ਨੂੰ ਨਿੱਘੀ ਜੀ ਆਇਆਂ ਆਖ ਕੇ ਕੀਤੀ। ਇਸ ਉਪਰੰਤ ਕਬੱਡੀ ਕੁਮੈਂਟੇਟਰ ਸਵਰਨ ਸਿੰਘ ਨੇ ਆਪਣੇ ਟੋਟਕਿਆਂ ਨਾਲ ਖ਼ੂਬ ਰੰਗ ਬੰਨ੍ਹਿਆ।

ਰੱਸਾਕਸ਼ੀ ਦੇ ਰੌਚਕ ਮੁਕਾਬਲਿਆਂ ਅਤੇ ਦਰਸ਼ਕਾਂ ਦੇ ਪੈਂਦੇ ਲਲਕਾਰਿਆਂ ਨੇ ਮੇਲੇ ਨੂੰ ਸਿਖ਼ਰ ਤੱਕ ਪਹੁੰਚਾ ਦਿੱਤਾ। ਘੋੜਸਵਾਰਾਂ ਨੂੰ ਟਰਾਫੀਆਂ ਨਾਲ ਸਨਮਾਨਿਆ ਗਿਆ। ਇਨਾਮਾਂ ਦੀ ਵੰਡ ਸ਼੍ਰੋਮਣੀ ਕਮੇਟੀ ਮੈਂਬਰ ਜੁਗਰਾਜ ਸਿੰਘ ਦੌਧਰ, ਹਾਕਮ ਸਿੰਘ ਢਿੱਲੋਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਕੀਤੀ।

ਅੰਤ ’ਚ ਨਾਜਰ ਸਿੰਘ ਸਹੋਤਾ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਸਾਰੇ ਅਮੇਰਿਕਨ ਅਤੇ ਪੰਜਾਬੀ ਭਾਈਚਾਰੇ ਨੂੰ 4 ਜੁਲਾਈ ਦੀ ਵਧਾਈ ਦਿੱਤੀ। ਪੂਰੇ ਸਮਾਗਮ ਦੌਰਾਨ ਲੰਗਰ ਦੀ ਸੇਵਾ ਭਾਈ ਇਕਬਾਲ ਸਿੰਘ ਨੇ ਬਾਖੂਬੀ ਕੀਤੀ। ਆਖਿਰ ’ਚ 4 ਜੁਲਾਈ ਸੈਲੀਬ੍ਰੇਸ਼ਨ ਨੂੰ ਮੁੱਖ ਰੱਖਦਿਆਂ ਪਟਾਕੇ ਚਲਾਏ ਗਏ ਅਤੇ ਰਾਤ ਦੇ ਭੋਜਨ ਨਾਲ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ।

Manoj

This news is Content Editor Manoj