ਅਮਰੀਕਾ : ਰਾਸ਼ਟਰਪਤੀ ਉਮੀਦਵਾਰ ਦੀ ਦੌੜ ''ਚ 6 ਔਰਤਾਂ ਸ਼ਾਮਲ

05/10/2019 1:36:47 PM

ਵਾਸ਼ਿੰਗਟਨ (ਏਜੰਸੀ)— ਅਮਰੀਕਾ ਵਿਚ 3 ਨਵੰਬਰ 2020 ਨੂੰ 59ਵੇਂ ਰਾਸ਼ਟਰਪਤੀ ਲਈ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਟਰੰਪ ਦੀ ਸੱਤਾਧਾਰੀ ਰੀਪਬਲਿਕਨ ਅਤੇ ਪ੍ਰਮੁੱਖ ਵਿਰੋਧੀ ਪਾਰਟੀ ਡੈਮੋਕ੍ਰੈਟਿਕ ਵਿਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਡੈਮੋਕ੍ਰੈਟਿਕ ਵੱਲੋਂ 21 ਉਮੀਦਵਾਰ ਦਾਅਵੇਦਾਰ ਹਨ। ਇਨ੍ਹ੍ਹਾਂ ਵਿਚੋਂ 6 ਔਰਤਾਂ ਹਨ। ਉਂਝ ਅਮਰੀਕਾ ਵਿਚ ਅੱਜ ਤੱਕ ਕੋਈ ਮਹਿਲਾ ਰਾਸ਼ਟਰਪਤੀ ਨਹੀਂ ਬਣੀ ਹੈ। ਇਨ੍ਹਾਂ ਵਿਚ ਹਾਲੇ ਹੋਰ ਚਿਹਰੇ ਜੁੜ ਸਕਦੇ ਹਨ। ਅਜਿਹਾ ਪਹਿਲੀ ਵਾਰ ਹੈ ਜਦੋਂ ਅਮਰੀਕਾ ਵਿਚ ਕਿਸੇ ਇਕ ਪਾਰਟੀ ਵੱਲੋਂ ਇੰਨੀਆਂ ਔਰਤਾਂ ਮੈਦਾਨ ਵਿਚ ਹਨ। ਇਨ੍ਹਾਂ ਵਿਚ ਭਾਰਤੀ ਮੂਲ ਦੀ ਕਮਲਾ ਹੈਰਿਸ, ਤੁਲਸੀ ਗੇਬਾਰਡ ਵੀ ਸ਼ਾਮਲ ਹਨ। ਅੱਗੇ ਅਸੀਂ ਇਨ੍ਹਾਂ ਬਾਰੇ ਸੰਖੇਪ ਜਾਣਕਾਰੀ ਦੇ ਰਹੇ ਹਾਂ।

1. ਕਮਲਾ ਹੈਰਿਸ
54 ਸਾਲਾ ਕਮਲਾ ਅਮਰੀਕੀ ਸੰਸਦ ਦੇ ਉੱਚ ਸਦਨ ਵਿਚਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਉਨ੍ਹਾਂ ਦਾ ਜਨਮ ਆਕਲੈਂਡ ਵਿਚ ਹੋਇਆ। ਦਾਦਾ ਪੀ.ਵੀ. ਗੋਪਾਲਨ ਭਾਰਤੀ ਡਿਪਲੋਮੈਟ ਰਹੇ ਹਨ। ਮਾਂ ਸ਼ਯਾਮਲਾ ਭਾਰਤੀ ਹੈ ਜਦਕਿ ਪਿਤਾ ਜਮੈਕਾ ਮੂਲ ਦੇ ਹਨ। ਉਹ ਮੇਡੀਕੇਅਰ ਅੰਦੋਲਨ ਨੂੰ ਸਪੋਰਟ ਕਰ ਚੁੱਕੀ ਹੈ। ਕਮਲਾ ਪੇਸ਼ੇ ਤੋਂ ਵਕੀਲ ਹੈ। ਉਹ ਕੈਲੀਫੋਰਨੀਆ ਤੋਂ ਸਾਂਸਦ ਹੈ। ਕਮਲਾ ਫੀਮੇਲ ਓਬਾਮਾ ਦੇ ਤੌਰ 'ਤੇ ਚਰਚਿਤ ਹੈ।

2. ਤੁਲਸੀ ਗੇਬਾਰਡ
ਹਵਾਈ ਤੋਂ ਸਾਂਸਦ 38 ਸਾਲਾ ਤੁਲਸੀ ਗੇਬਾਰਡ ਦਾ ਅੰਤਰਜਾਤੀ ਪਰਿਵਾਰ ਵਿਚ ਪਾਲਣ ਪੋਸ਼ਣ ਹੋਇਆ।  ਤੁਲਸੀ 2002 ਵਿਚ ਸਭ ਤੋਂ ਘੱਟ ਉਮਰ ਵਿਚ ਯੂ.ਐੱਸ. ਸਟੇਟ ਅਸੈਂਬਲੀ ਵਿਚ ਪਹੁੰਚਣ ਵਾਲੀ ਮਹਿਲਾ ਬਣੀ। ਉਹ ਨੈਸ਼ਨਲ ਗਾਰਡ ਵਿਚ ਮੇਜਰ ਰਹੀ ਹੈ। ਉਨ੍ਹਾਂ ਨੇ ਆਰਮੀ ਮੈਡੀਕਲ ਯੂਨਿਟ ਵਿਚ ਵੀ ਕੰਮ ਕੀਤਾ ਹੈ। ਤੁਲਸੀ ਇਰਾਕ ਯੁੱਧ ਵਿਚ ਫੌਜੀ ਰਹਿ ਚੁੱਕੀ ਹੈ। ਇਸ ਦੇ ਇਲਾਵਾ ਉਹ ਅੰਤਰਰਾਸ਼ਟਰੀ ਮਾਮਲਿਆਂ ਦੀ ਜਾਣਕਾਰ ਹੈ। 21 ਸਾਲ ਦੀ ਉਮਰ ਵਿਚ ਤੁਲਸੀ ਸਟੇਟ ਅਸੈਂਬਲੀ ਪਹੁੰਚੀ।

3. ਐਮੀ ਕਲੋਬਸ਼ਰ
ਕਾਰਪੋਰੇਟ ਵਕੀਲ 58 ਸਾਲਾ ਐਮੀ ਕਲੋਬਸ਼ਰ ਸਾਲ 2006 ਵਿਚ ਮਿਨੇਸੋਟਾ ਤੋਂ ਚੁਣੀ ਜਾਣ ਵਾਲੀ ਪਹਿਲੀ ਮਹਿਲਾ ਸੈਨੇਟਰ ਹੈ। ਉਨ੍ਹਾਂ ਦੀ ਮਾਂ ਅਧਿਆਪਿਕਾ ਸੀ ਅਤੇ ਪਿਤਾ ਮਸ਼ਹੂਰ ਪੱਤਰਕਾਰ। ਉਨ੍ਹਾਂ ਦੇ ਪਿਤਾ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵਿਚ ਗ੍ਰਿਫਤਾਰ ਹੋ ਚੁੱਕੇ ਹਨ। ਉਹ ਕਾਨੂੰਨ, ਕ੍ਰਿਮੀਨਲ ਜਸਟਿਸ, ਇਮੀਗ੍ਰੇਸ਼ਨ 'ਤੇ ਕੰਮ ਕਰਨਾ ਚਾਹੁੰਦੀ ਹੈ। ਇਸ ਦੇ ਇਲਾਵਾ ਉਹ ਮੁਫਤ ਸਿੱਖਿਆ ਦੀ ਸਮਰਥਕ ਵੀ ਹੈ।

4. ਐਲੀਜ਼ਾਬੇਥ ਵਾਰੇਨ
ਕਾਨੂੰਨ ਪ੍ਰੋਫੈਸਰ ਐਲੀਜ਼ਾਬੇਥ ਵਾਰੇਨ (69) ਸਾਲਾ ਮੈਸਾਚੁਸੇਟਸ ਤੋਂ ਚੁਣੀ ਗਈ ਪਹਿਲੀ ਮਹਿਲਾ ਸੈਨੇਟਰ ਹੈ। ਉਹ ਟੈਕਸਾਸ, ਪੈੱਨਸਿਲਵੇਨੀਆ, ਹਾਵਰਡ ਲਾਅ ਸਕੂਲ ਵਿਚ ਪੜ੍ਹਾ ਚੁੱਕੀ ਹੈ। ਇਸ ਦੇ ਇਲਾਵਾ  ਸੈਨੇਟ ਦੀਆਂ ਕਈ ਵਿਸ਼ੇਸ਼ ਕਮੇਟੀਆਂ ਵਿਚ ਕੰਮ ਕਰ ਚੁੱਕੀ ਹੈ। 2008 ਦੀ ਮੰਦੀ ਦੇ ਬਾਅਦ ਵਿੱਤੀ ਸੈਕਟਰ ਵਿਚ ਸਖਤ ਕਾਨੂੰਨ ਲਾਗੂ ਕਰਨ ਲਈ ਜਾਣੀ ਜਾਂਦੀ ਹੈ। 

5. ਕ੍ਰਿਸਟਨ ਗਿਲੀਬ੍ਰਾਂਡ
ਪੇਸ਼ੇ ਤੋਂ ਆਲੋਚਕ 52 ਸਾਲਾ ਕ੍ਰਿਸਟਨ ਗਿਲੀਬ੍ਰਾਂਡ ਨਿਊਯਾਰਕ ਤੋਂ ਸਾਂਸਦ ਹੈ। ਉਹ 2006 ਵਿਚ ਸੰਸਦ ਪਹੁੰਚੀ। ਉਹ 'ਔਰਤਾਂ ਦੀ ਚੈਂਪੀਅਨ' ਦੇ ਨਾਮ ਨਾਲ ਮਸ਼ਹੂਰ ਹੈ। ਕ੍ਰਿਸਟਨ ਦਾ ਉਦੇਸ਼ ਹਾਇਰ ਆਫਿਸ ਵਿਚ ਔਰਤਾਂ ਦੀ ਭਰਤੀ ਵਧਾਉਣਾ ਹੈ। ਉਹ 'ਮੀ ਟੂ' ਅੰਦੋਲਨ ਦੀ ਸਥਾਈ ਸਮਰਥਕ ਰਹੀ ਹੈ। ਉਨ੍ਹਾਂ ਨੇ ਪਾਰਟੀਆਂ ਵਿਚ ਯੌਨ ਦੁਰਵਿਵਹਾਰ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ।

6. ਮੈਰੀਅਨ ਵਿਲੀਅਮਸਨ 
66 ਸਾਲਾ ਮੈਰੀਅਨ ਵਿਲੀਅਮਸਨ ਅਮਰੀਕਾ ਦੇ ਮਸ਼ਹੂਰ ਲੇਖਕਾਂ ਵਿਚੋਂ ਇਕ ਹੈ। ਉਹ ਕੈਲੀਫੋਰਨੀਆ ਤੋਂ ਲੜ ਰਹੀ ਹੈ। ਮੈਰੀਅਨ ਏਂਜੇਲ ਫੂਡ ਪ੍ਰੋਡਕਟ ਦੀ ਫਾਊਂਡਰ ਹੈ ਇਸ ਦੇ ਤਹਿਤ ਏਡਜ਼ ਜਿਹੀਆਂ ਜਾਨਲੇਵਾ ਬੀਮਾਰੀਆਂ ਨਾਲ ਪੀੜਤ ਲੋਕਾਂ ਨੂੰ ਉਨ੍ਹਾਂ ਦੇ ਘਰ ਵਿਚ ਹੀ ਖਾਣਾ ਪਹੁੰਚਾਇਆ ਜਾਂਦਾ ਹੈ। ਐੱਲ.ਜੀ.ਬੀ.ਟੀ. ਭਾਈਚਾਰੇ ਦੀ ਰੱਖਿਆ ਉਸ ਦਾ ਖਾਸ ਮੁੱਦਾ ਹੈ।

Vandana

This news is Content Editor Vandana