ਪਾਕਿ ਕੋਲ ਕਸ਼ਮੀਰੀਆਂ ਲਈ ਬੋਲਣ ਦਾ ਅਧਿਕਾਰ ਨਹੀਂ : ਨਦੀਮ ਨੁਸਰਤ

08/06/2019 11:05:01 AM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਸਥਿਤ ਪ੍ਰਵਾਸੀ ਮੁਹਾਜਿਰਾਂ ਦੀ ਨੁਮਾਇੰਦਗੀ ਕਰਨ ਵਾਲੇ ਇਕ ਸਮੂਹ ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਅੰਦਰ ਇਕ ਖੁਦਮੁਖਤਿਆਰ ਗ੍ਰੇਟਰ ਕਰਾਚੀ ਬਣਨਾ ਚਾਹੀਦਾ ਹੈ। ਇਹ ਮੰਗ ਉਦੋਂ ਉੱਠੀ ਜਦੋਂ ਭਾਰਤ ਨੇ ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਵਾਪਸ ਲੈਣ ਵਾਲੇ ਬਿੱਲ ਨੂੰ ਰਾਜ ਸਭਾ ਵਿਚ ਪੇਸ਼ ਕੀਤਾ। ਸਮੂਹ ਉਨ੍ਹਾਂ ਸਾਰੀਆਂ ਨਸਲੀ ਸੰਸਥਾਵਾਂ ਅਤੇ ਖੇਤਰਾਂ ਲਈ ਪੂਰਨ ਖੁਦਮੁਖਤਿਆਰੀ ਚਾਹੁੰਦਾ ਹੈ ਜੋ ਪਾਕਿਸਤਾਨ ਦੇ ਖੇਤਰ ਦਾ ਹਿੱਸਾ ਹਨ।

ਮੁਹਾਜਿਰ ਨੇਤਾ ਅਤੇ ਵੌਇਸ ਆਫ ਕਰਾਚੀ ਦੇ ਪ੍ਰਧਾਨ ਨਦੀਮ ਨੁਸਰਤ ਨੇ ਕਿਹਾ ਕਿ ਪਾਕਿਸਤਾਨ ਕੋਲ ਕਸ਼ਮੀਰੀਆਂ ਵੱਲੋਂ ਬੋਲਣ ਦਾ ਕੋਈ ਨੈਤਿਕ ਆਧਾਰ ਨਹੀਂ ਹੈ। ਜੇਕਰ ਉਹ ਖੁਦ ਆਪਣੇ ਨਾਗਰਿਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ,''ਪਾਕਿਸਤਾਨ ਜਦੋਂ ਤੱਕ ਆਪਣੇ ਮੁਹਾਜਿਰ, ਬਲੋਚ, ਪਸ਼ਤੂਨਾਂ ਅਤੇ ਹਜ਼ਰਾ ਨਾਗਰਿਕਾਂ ਨੂੰ ਬਰਾਬਰੀ ਦੇ ਅਧਿਕਾਰ ਨਹੀਂ ਦਿੰਦਾ, ਉਦੋਂ ਤੱਕ ਉਸ ਨੂੰ ਕਸ਼ਮੀਰੀਆਂ ਵੱਲੋਂ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।''

 

ਜਿਵੇਂ ਹੀ ਭਾਰਤ ਨੇ ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲਿਆ ਉਦੋਂ ਪਾਕਿਸਤਾਨ ਬੌਖਲਾ ਗਿਆ ਅਤੇ ਉਸ ਦੇ ਵਿਦੇਸ਼ ਮੰਤਰਾਲੇ ਨੇ ਇਸ ਕਦਮ ਦੀ ਨਿੰਦਾ ਕੀਤੀ ਅਤੇ ਇਸ ਨੂੰ ਸੰਯਕਤ ਰਾਸ਼ਟਰ ਦੇ ਪ੍ਰਸਤਾਵਾਂ ਦੀ ਉਲੰਘਣਾ ਦੱਸਿਆ। ਇੱਥੇ ਦੱਸ ਦਈਏ ਕਿ ਨਦੀਮ ਨੁਸਰਤ ਅਮਰੀਕਾ ਵਿਚ ਖੁਦ ਜਲਾਵਤਨੀ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਕੋਲ ਕਿਸੇ ਵੀ ਖੇਤਰੀ ਜਾਂ ਅੰਤਰਰਾਸ਼ਟਰੀ ਮੰਚ 'ਤੇ ਕਸ਼ਮੀਰੀਆਂ ਦੇ ਮਾਮਲੇ ਨੂੰ ਚੁੱਕਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।

ਨਦੀਮ ਨੇ ਪੁੱਛਿਆ,''ਪਾਕਿਸਤਾਨ ਕਸ਼ਮੀਰ ਵਿਚ ਜਨਮਤ ਕਰਾਉਣ ਦੇ ਅਧਿਕਾਰ ਦੀ ਮੰਗ ਕਰਦਾ ਹੈ ਕੀ ਉਹ ਆਪਣੇ ਅਸੰਤੁਸ਼ਟ ਘੱਟ ਗਿਣਤੀਆਂ ਨੂੰ ਬਰਾਬਰ ਅਧਿਕਾਰ ਦੇਣ ਲਈ ਤਿਆਰ ਹੈ?'' ਉਨ੍ਹਾਂ ਨੇ ਅੱਗੇ ਕਿਹਾ,''ਦਹਾਕਿਆਂ ਤੋਂ ਪਾਕਿਸਤਾਨੀ ਮੰਤਰੀ ਵਿਦੇਸ਼ਾਂ ਵਿਚ ਕਸ਼ਮੀਰੀ ਵੱਖਵਾਦੀ ਨੇਤਾਵਾਂ ਨਾਲ ਜਨਤਕ ਰੂਪ ਨਾਲ ਬੈਠਕਾਂ ਕਰਦੇ ਰਹੇ ਹਨ। ਬਾਹਰ ਕੱਢੇ ਗਏ ਮੁਹਾਜਿਰ, ਬਲੋਚ ਅਤੇ ਹੋਰ ਸਤਾਏ ਹੋਏ ਨਸਲੀ ਜਾਂ ਧਾਰਮਿਕ ਘੱਟ ਗਿਣਤੀਆਂ ਦੇ ਪ੍ਰਤੀਨਿਧੀਆਂ ਨਾਲ ਪਾਕਿਸਤਾਨ ਕਿਵੇਂ ਭਾਰਤੀ ਮੰਤਰੀਆਂ ਦੀ ਬੈਠਕ 'ਤੇ ਪ੍ਰਤੀਕਿਰਿਆ ਦੇਵੇਗਾ?'' ਨੁਸਰਤ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਪੁਨਰਗਠਨ ਦੀ ਮੰਗ ਵਿਚ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਲਈ ਜਲਦੀ ਹੀ ਇਕ ਗਲੋਬਲ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

Vandana

This news is Content Editor Vandana