ਨਿਊਯਾਰਕ ''ਚ ''ਇੰਡੀਆ ਡੇਅ ਪਰੇਡ'' ਮੌਕੇ ਜਵਾਨਾਂ ਦਾ ਹੋਵੇਗਾ ਸਨਮਾਨ

08/02/2019 4:12:45 PM

ਵਾਸ਼ਿੰਗਟਨ (ਭਾਸ਼ਾ)— ਇਸ ਸਾਲ ਨਿਊਯਾਰਕ ਵਿਚ 18 ਅਗਸਤ ਨੂੰ ਹੋਣ ਜਾ ਰਹੇ 'ਇੰਡੀਆ ਡੇਅ ਪਰੇਡ' ਵਿਚ ਮਿਲਟਰੀ ਬਲਾਂ ਦੀ ਬਹਾਦੁਰੀ ਅਤੇ ਬਲੀਦਾਨ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਭਾਰਤ ਦੇ ਬਾਹਰ ਆਜ਼ਾਦੀ ਦਿਹਾੜੇ 'ਤੇ ਆਯੋਜਿਤ ਹੋਣ ਵਾਲਾ ਭਾਰਤੀਆਂ ਦਾ ਸਭ ਤੋਂ ਵੱਡਾ ਸਮਾਗਮ ਹੈ। ਅਮਰੀਕਾ ਦੇ ਸਭ ਤੋਂ ਵੱਡੇ ਸੱਭਿਆਚਾਰਕ ਸਮਾਰੋਹਾਂ ਵਿਚੋਂ ਇਕ 'ਇੰਡੀਆ ਡੇਅ ਪਰੇਡ' ਵਿਚ ਹਜ਼ਾਰਾਂ ਭਾਰਤੀ ਸ਼ਾਮਲ ਹੁੰਦੇ ਹਨ। ਇਸ ਸਾਲ ਪਰੇਡ ਦਾ ਮੁੱਖ ਥੀਮ 'ਆਪਣੇ ਫੌਜੀਆਂ ਦਾ ਸਮਰਥਨ ਕਰੋ, ਆਪਣੇ ਫੌਜੀਆਂ ਨੂੰ ਸਲਾਮ ਕਰੋ' ਹੈ।

ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (ਐੱਫ.ਆਈ.ਏ.)-ਨਿਊਯਾਰਕ, ਨਿਊਜਰਸੀ, ਕਨੈਕਟੀਕਟ 18 ਅਗਸਤ ਨੂੰ 39ਵੀਂ ਇੰਡੀਆ ਡੇਅ ਪਰੇਡ ਦਾ ਆਯੋਜਨ ਕਰੇਗਾ। ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਮੈਨਹੈਟਨ ਦੇ ਕੇਂਦਰ ਮੈਡੀਸਨ ਸਕਵਾਇਰ ਦੀਆਂ ਕਈ ਸੜਕਾਂ ਤੋਂ ਹੋ ਕੇ ਲੰਘੇਗਾ। ਪਰੇਡ ਵਿਚ ਵਿਭਿੰਨ ਭਾਰਤੀ-ਅਮਰੀਕੀ ਸੰਗਠਨਾਂ ਦੀਆਂ ਝਾਕੀਆਂ, ਮਾਰਚਿੰਗ ਬੈਂਡ, ਪੁਲਸ ਦਸਤੇ ਸ਼ਾਮਲ ਹੋਣਗੇ। ਭਾਰਤੀ-ਅਮਰੀਕੀ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। 

ਐੱਫ.ਆਈ.ਏ. ਨੇ ਕਿਹਾ,''ਉਹ ਸਦਭਾਵਨਾ ਅਤੇ ਇਕ-ਦੂਜੇ ਦੇ ਸਨਮਾਨ ਦੇ ਵਿਚਾਰ ਦਾ ਸਮਰਥਨ ਕਰਦਾ ਹੈ। ਪਰੇਡ ਭਾਰਤੀ ਅਤੇ ਅਮਰੀਕਾ ਦੇ ਅਸਲੀ ਹੀਰੋ ਸਾਡੇ ਜਵਾਨਾਂ ਦੇ ਸਨਮਾਨ ਦਾ ਜਸ਼ਨ ਹੈ। ਪਿਛਲੇ ਸਾਲ ਦੀ ਤਰ੍ਹਾਂ ਪਰੇਡ ਵਿਚ ਕਈ ਭਾਰਤੀ ਹਸਤੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੀਆਂ। ਇਨ੍ਹਾਂ ਵਿਚ ਅਦਾਕਾਰ ਸੁਨੀਲ ਸ਼ੈਟੀ, ਅਦਾਕਾਰਾ ਹਿਨਾ ਖਾਨ, ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਦੇ ਕਮਿਸ਼ਨਰ ਐਡਮ ਸਿਲਵਰ ਸ਼ਾਮਲ ਹਨ।'' ਐੱਫ.ਆਈ.ਏ. ਨਿਊਯਾਰਕ ਟ੍ਰੀ ਸਟੇਟ ਦੇ ਪ੍ਰਧਾਨ ਆਲੋਕ ਕੁਮਾਰ ਨੇ ਕਿਹਾ,''ਸਾਡੇ ਫੌਜੀ, ਜਵਾਨ ਸਾਡੇ ਲਈ ਆਪਣੀ ਜ਼ਿੰਦਗੀ ਦਾ ਬਲੀਦਾਨ ਦਿੰਦੇ ਹਨ। ਇਹ ਸਾਡੇ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਹੈ ਅਤੇ ਮੌਕਾ ਹੈ ਕਿ ਅਸੀਂ ਉਨ੍ਹਾਂ ਦੀ ਸੇਵਾ, ਹਿੰਮਤ ਅਤੇ ਬਲੀਦਾਨ ਨੂੰ ਯਾਦ ਕਰੀਏ।''

Vandana

This news is Content Editor Vandana