ਅਮਰੀਕਾ ''ਚ ਪਹਿਲੀ ਵਾਰ ਡਾਕਟਰਾਂ ਨੇ ਮ੍ਰਿਤਕ ਵਿਅਕਤੀ ਦੇ ਦਿਲ ਨੂੰ ਧੜਕਾਇਆ, ਵੀਡੀਓ

12/03/2019 4:25:09 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਡਿਊਕ ਯੂਨੀਵਰਸਿਟੀ ਦੇ ਡਾਕਟਰਾਂ ਨੇ ਮ੍ਰਿਤਕ ਵਿਅਕਤੀ ਦੇ ਦਿਲ ਨੂੰ ਦੁਬਾਰਾ ਧੜਕਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਤਕਨੀਕ ਸਭ ਤੋਂ ਪਹਿਲਾਂ 2015 ਵਿਚ ਯੂਕੇ ਦੇ ਰੋਇਲ ਪਾਪਵਰਥ ਹਸਪਤਾਲ ਵਿਚ ਤਿਆਰ ਕੀਤੀ ਗਈ ਸੀ। ਹੁਣ ਡਿਊਕ ਪਹਿਲਾ ਅਮਰੀਕੀ ਹਸਪਤਾਲ ਬਣ ਗਿਆ ਹੈ, ਜਿਸ ਨੇ sudden cardiac death (SCD) ਨਾਲ ਮ੍ਰਿਤਕ ਵਿਅਕਤੀ ਦੇ ਦਿਲ ਨੂੰ ਦੂਜੇ ਵਿਅਕਤੀ ਦੇ ਸਰੀਰ ਵਿਚ ਸਫਲਤਾਪੂਰਵਕ ਟਰਾਂਸਪਲਾਂਟ ਕੀਤਾ। 

ਅਸਲ ਵਿਚ ਐੱਸ.ਸੀ.ਡੀ. ਦੇ ਬਾਅਦ ਵਿਅਕਤੀ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਦੇ ਬਾਅਦ ਡਾਕਟਰਾਂ ਨੇ ਮ੍ਰਿਤਕ ਦੇ ਦਿਲ ਨੂੰ ਖੂਨ, ਆਕਸੀਜਨ ਅਤੇ ਇਲੈਕਟ੍ਰੋਲਾਈਟਲ ਦੇ ਕੇ ਦੁਬਾਰਾ ਧੜਕਾਇਆ। ਟਰਾਂਸਪਲਾਂਟ ਤੋਂ ਪਹਿਲਾਂ ਟੀਮ ਨੇ ਦਿਲ ਨੂੰ ਧੜਕਾਉਣ ਦਾ ਵੀਡੀਓ ਬਣਾਇਆ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।

 

ਡਿਊਕ ਯੂਨੀਵਰਸਿਟੀ ਦੀ ਸਰਜਰੀ ਕਰਨ ਵਾਲੀ ਟੀਮ ਦੇ ਮੈਂਬਰ ਡਾਕਟਰ ਜੈਕਬ ਸ਼੍ਰੋਡਰ ਨੇ ਮੁਤਾਬਕ ਬ੍ਰੇਨ ਡੈੱਡ ਵਿਅਕਤੀ ਦੇ ਦਿਲ ਦਾ ਟਰਾਂਸਪਲਾਂਟ ਕੀਤਾ ਗਿਆ ਉਦੋਂ ਉਸ ਦੇ ਸਰੀਰ ਦੇ ਬਾਕੀ ਅੰਗ ਵੀ ਕੰਮ ਕਰ ਰਹੇ ਸਨ। ਅੰਗਾਂ ਦੇ ਦਾਨ ਵਿਚ ਸਮਾਂ ਸਭ ਤੋਂ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। ਜਿਵੇਂ ਹੀ ਵਿਅਕਤੀ ਦੀ ਮੌਤ ਹੁੰਦੀ ਹੈ ਆਕਸੀਜਨ ਦੀ ਸਪਲਾਈ ਰੁੱਕ ਜਾਂਦੀ ਹੈ। ਇਸ ਨਾਲ ਟਿਸ਼ੂ ਤੇਜ਼ੀ ਨਾਲ ਖਤਮ ਹੋ ਕੇ ਦਿਲ ਦੀ ਧੜਕਨ ਨੂੰ ਘੱਟ ਕਰਨ ਲੱਗਦੇ ਹਨ। ਕੁਦਰਤੀ ਮੌਤ ਦੇ ਬਾਅਦ ਜਦੋਂ ਦਿਲ ਦੀ ਧੜਕਨ ਰੁੱਕ ਜਾਂਦੀ ਹੈ ਉਦੋਂ ਵੀ ਦਿਲ ਤੱਕ ਥੋੜ੍ਹੀ ਮਾਤਰਾ ਵਿਚ ਆਕਸੀਜਨ ਪਹੁੰਚ ਰਹੀ ਹੁੰਦੀ ਹੈ।

ਡਾਕਟਰ ਜੈਕਬ ਸ਼੍ਰੋਡਰ ਨੇ ਦੱਸਿਆ,''ਦਿਲ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਜ਼ਿਆਦਾ ਠੰਡੇ ਵਾਤਾਵਰਨ ਵਿਚ ਰੱਖਿਆ ਜਾਂਦਾ ਹੈ। ਇਹੀ ਇਕ ਅੰਗ ਹੈ ਜੋ ਸਰੀਰ ਦੇ ਬਾਹਰ 4 ਤੋਂ 6 ਘੰਟੇ ਤੱਕ ਰਹਿ ਕੇ ਵੀ ਕੰਮ ਕਰ ਸਕਦਾ ਹੈ। ਇਸ ਲਈ ਦਿਲ ਨੂੰ ਮ੍ਰਿਤਕ ਦੇ ਸਰੀਰ ਵਿਚੋਂ ਕੱਢ ਕੇ ਤੁਰੰਤ ਮਸ਼ੀਨ ਨਾਲ ਜੁੜੀ ਨਲੀ ਨਾਲ ਜੋੜ ਦਿੱਤਾ ਗਿਆ। ਮਸ਼ੀਨ ਨਾਲ ਦਿਲ ਨੂੰ ਜਿਵੇਂ ਖੂਨ, ਆਕਸੀਜਨ ਅਤੇ ਇਲੈਕਟ੍ਰੋਲਾਈਟਲ ਸਪਲਾਈ ਹੋਈ, ਉਹ ਤੁਰੰਤ ਧੜਕਨ ਲੱਗਾ। ਇਸ ਤਕਨੀਕ ਨੂੰ 'ਪਰਫਿਊਜ਼ਨ' ਕਿਹਾ ਜਾਂਦਾ ਹੈ। ਪਹਿਲੀ ਵਾਰ ਇਸ ਦੀ ਵਰਤੋਂ 2015 ਵਿਚ ਯੂਕੇ ਵਿਚ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਰੋਇਲ ਹਸਪਤਾਲ ਨੇ 75 ਤੋਂ ਵੱਧ ਅਜਿਹੇ ਦਿਲਾਂ ਨੂੰ ਟਰਾਂਸਪਲਾਂਟ ਕੀਤਾ ਜੋ ਸਰੀਰ ਵਿਚ ਖੂਨ ਦਾ ਸੰਚਾਰ ਬੰਦ ਕਰ ਚੁੱਕੇ ਸਨ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪਹਿਲੀ ਵਾਰ ਦਿਲ ਦਾ ਟਰਾਂਸਪਲਾਂਟ 1967 ਵਿਚ ਦੱਖਣੀ ਅਫਰੀਕਾ ਵਿਚ ਕੀਤਾ ਗਿਆ ਸੀ। ਇਸ ਦੇ ਇਕ ਸਾਲ ਬਾਅਦ ਸਟੈਨਫੋਰਡ ਯੂਨੀਵਰਸਿਟੀ ਦੇ ਡਾਕਟਰਾਂ ਨੇ ਅਮਰੀਕਾ ਵਿਚ ਹਾਰਟ ਟਰਾਂਸਪਲਾਂਟ ਕਰਨ ਵਿਚ ਸਫਲਤਾ ਹਾਸਲ ਕੀਤੀ ਸੀ। ਉਦੋਂ ਤੋਂ ਲੈ ਕੇ 2018 ਤੱਕ ਅਮਰੀਕਾ ਵਿਚ 3400 ਤੋਂ ਵੱਧ ਹਾਰਟ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ। ਭਾਵੇਂਕਿ ਹੁਣ ਦਿਲ ਦਾ ਟਰਾਂਸਪਲਾਂਟ ਸਧਾਰਨ ਗੱਲ ਹੈ ਪਰ ਇਸ ਦਾ ਉਪਲਬਧ ਹੋਣਾ ਹਾਲੇ ਵੀ ਚੁਣੌਤੀ ਹੈ।

Vandana

This news is Content Editor Vandana