ਅਮਰੀਕਾ : 24 ਘੰਟਿਆਂ ''ਚ 1,509 ਮੌਤਾਂ, ਮ੍ਰਿਤਕਾਂ ਦਾ ਅੰਕੜਾ 23 ਹਜ਼ਾਰ ਦੇ ਪਾਰ

04/14/2020 5:47:07 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਕੋਰੋਨਾਵਾਇਰਸ ਨੇ ਮਹਾਮਾਰੀ ਦਾ ਰੂਪ ਲੈ ਲਿਆ ਹੈ। ਇੱਥੇ ਇਸ ਖਤਰਨਾਕ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਲਗਾਤਾਰ ਦੂਜੇ ਦਿਨ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 1,500 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਦੇਸ਼ ਵਿਚ ਮਰਨ ਵਾਲਿਆਂ ਦਾ ਅੰਕੜਾ 23 ਹਜ਼ਾਰ ਦੇ ਪਾਰ ਹੋ ਗਿਆ ਹੈ। ਕੋਰੋਨਾਵਾਇਰਸ ਇਨਫੈਕਸ਼ਨ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਜੌਨ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਹੁਣ ਤੱਕ 23,804 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਤੱਕ ਇੱਥੇ 22,0738 ਲੋਕਾਂ ਦੀ ਮੌਤ ਹੋਈ ਸੀ। 

ਅਮਰੀਕਾ ਵਿਚ ਸਭ ਤੋਂ ਜ਼ਿਆਦਾ ਮੌਤਾਂ ਇਕੱਲੇ ਨਿਊਯਾਰਕ ਵਿਚ ਹੋਈਆਂ ਜਿੱਥੇ ਹੁਣ ਤੱਕ 10,058 ਲੋਕ ਮਰ ਚੁੱਕੇ ਹਨ। ਨਿਊ ਜਰਸੀ ਵਿਚ 2,443 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਯਾਰਕ ਦੇ ਨਿਊਯਾਰਕ ਸਿਟੀ ਵਿਚ ਇਕੱਲੇ ਹੁਣ ਤੱਕ 7,349 ਲੋਕ ਮਰ ਚੁੱਕੇ ਹਨ। ਸੋਮਵਾਰ ਤੱਕ ਇੱਥੇ 6,898 ਲੋਕ ਮਰੇ ਸਨ ਅਤੇ 24 ਘੰਟਿਆਂ ਵਿਚ 451 ਲੋਕਾਂ ਦੀ ਮੌਤ ਇਕੱਲੇ ਇਸ ਸ਼ਹਿਰ ਵਿਚ ਹੋਈ ਹੈ। ਅਮਰੀਕਾ ਦੁਨੀਆ ਦਾ ਇਕੋਇਕ ਅਜਿਹਾ ਦੇਸ਼ ਹੈ ਜਿੱਥੇ ਸਿਰਫ ਇਕ ਦਿਨ ਦੇ ਅੰਦਰ 2 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ। 3 ਦਿਨ ਪਹਿਲਾਂ ਅਮਰੀਕਾ ਵਿਚ 24 ਘੰਟਿਆਂ ਵਿਚ 2,108 ਲੋਕਾਂ ਦੀ ਮੌਤ ਹੋਈ ਸੀ।

ਦੁਨੀਆ ਭਰ ਦਾ ਹਾਲ
ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ ਤਕਰੀਬਨ 200 ਦੇਸ਼ਾਂ ਵਿਚ ਹੁਣ ਤੱਕ1,918,855 ਲੋਕ ਇਸ ਵਾਇਰਸ ਨਾਲ ਪੀੜਤ ਹਨ ਜਿਹਨਾਂ ਵਿਚੋਂ 119,588 ਲੋਕਾਂ ਦੀ ਮੌਤ ਹੋ ਚੁੱਕੀ ਹੈ। 19 ਲੱਖ ਤੋਂ ਵਧੇਰੇ ਇਨਫੈਕਟਿਡ ਲੋਕਾਂ ਵਿਚੋਂ ਇਕੱਲੇ ਅਮਰੀਕਾ ਵਿਚ 581,679 ਲੋਕ ਇਨਫੈਕਟਿਡ ਹਨ। ਕੱਲ ਤੱਕ ਇਹ ਅੰਕੜਾ 556,044 ਸੀ ਮਤਲਬ ਇਕ ਦਿਨ ਵਿਚ ਅਮਰੀਕਾ ਵਿਚ 25,635 ਨਵੇਂ ਮਾਮਲੇ ਸਾਹਮਣੇ ਆਏ। ਦੁਨੀਆ ਭਰ ਵਿਚ ਮਰਨ ਵਾਲਿਆਂ ਦੀ ਗਿਣਤੀ 119,588 ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ ਵਿਚ ਹੋਈਆਂ ਹਨ। ਇਸ ਦੇ ਬਾਅਦ ਇਟਲੀ ਵਿਚ 20,465 ਲੋਕਾਂ ਦੀ ਜਾਨ ਜਾ ਚੁੱਕੀ ਹੈ। ਤੀਜੇ ਨੰਬਰ 'ਤੇ ਸਪੇਨ ਹੈ ਜਿੱਥੇ ਹੁਣ ਤੱਕ 17,756 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤਾਂ ਦੇ ਮਾਮਲੇ ਵਿਚ ਫਰਾਂਸ ਚੌਥੇ ਨੰਬਰ 'ਤੇ ਹੈ। ਇੱਥੇ ਹੁਣ ਤੱਕ 14,967 ਲੋਕ ਮਰ ਚੁੱਕੇ ਹਨ। ਇੰਗਲੈਂਡ 5ਵੇਂ ਨੰਬਰ 'ਤੇ ਹੈ ਜਿੱਥੇ 11,329 ਲੋਕ ਆਪਣੀ ਜਾਨ ਗਵਾ ਚੁੱਕੇ ਹਨ। 
 

Vandana

This news is Content Editor Vandana