ਕੋਕਾ-ਕੋਲਾ ਨੇ ਪਲਾਸਟਿਕ ਵੇਸਟ ਨਾਲ ਬਣਾਈ ਪਹਿਲੀ ''ਗ੍ਰੀਨ ਬੋਤਲ''

10/11/2019 2:16:33 PM

ਵਾਸ਼ਿੰਗਟਨ (ਬਿਊਰੋ)— ਕੋਕਾ-ਕੋਲਾ ਨੇ ਸਮੁੰਦਰ ਵਿਚੋਂ ਕੱਢੇ ਗਏ ਪਲਾਸਟਿਕ ਦੇ ਕਚਰੇ ਦੀ ਰੀਸਾਈਕਲਿੰਗ ਕਰ ਕੇ ਪਹਿਲੀ ਬੋਤਲ ਬਣਾਉਣ ਦਾ ਦਾਅਵਾ ਕੀਤਾ ਹੈ। ਕੰਪਨੀ ਵੱਲੋਂ ਸ਼ੁਰੂ ਵਿਚ ਅਜਿਹੀਆਂ 300 ਬੋਤਲਾਂ ਦਾ ਪਹਿਲਾ ਬੈਚ ਤਿਆਰ ਕੀਤਾ ਗਿਆ ਹੈ। ਇਹ ਪ੍ਰਯੋਗ ਧਰਤੀ ਨੂੰ ਪਲਾਸਟਿਕ ਦੇ ਕਚਰੇ ਤੋਂ ਮੁਕਤ ਕਰਨ ਦੇ ਗ੍ਰੀਨ ਇਨੀਸ਼ੀਏਟਿਵ ਨੂੰ ਹੋਰ ਉਤਸ਼ਾਹਿਤ ਕਰੇਗਾ। ਇਸ ਲਈ ਵਾਲੰਟੀਅਰਾਂ ਨੇ ਸਪੇਨ ਅਤੇ ਪੁਰਤਗਾਲ ਦੇ 84 ਸਮੁੰਦਰ ਤੱਟਾਂ ਤੋਂ ਪਲਾਸਟਿਕ ਕਚਰਾ ਜਮਾਂ ਕੀਤਾ ਸੀ। ਇਸ ਮਗਰੋਂ 'ਐਨਹੈਨਸਡ ਰੀਸਾਈਕਲਿੰਗ' (Enhanced recycling) ਜ਼ਰੀਏ ਇਨ੍ਹਾਂ ਬੋਤਲਾਂ ਨੂੰ ਬਣਾਇਆ ਗਿਆ। ਇਹ ਇਕ ਰਸਾਇਣਿਕ ਪ੍ਰਕਿਰਿਆ ਹੈ, ਜਿਸ ਵਿਚ ਹੇਠਲੀ ਸ਼੍ਰੇਣੀ ਦੀ ਪਲਾਸਟਿਕ ਦੀਆਂ ਅਸ਼ੁੱਧੀਆਂ ਨੂੰ ਦੂਰ ਕੀਤਾ ਜਾਂਦਾ ਹੈ ਅਤੇ ਫਿਰ ਉਸ ਨੂੰ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਪੈਕੇਜਿੰਗ ਦੇ ਵਰਤੋਂ ਯੋਗ ਬਣਾਇਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਪਲਾਸਟਿਕ ਦੀ ਰੀਸਾਈਕਲਿੰਗ ਕਰਨ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦਾ ਉਦੇਸ਼ ਹਰੇਕ ਸਾਲ 2 ਲੱਖ ਟਨ ਨਵੀਂ ਪਲਾਸਟਿਕ ਦੀ ਵਰਤੋਂ ਨੂੰ ਰੋਕਣਾ ਹੈ। ਕੰਪਨੀ ਮੁਤਾਬਕ,''ਸਾਨੂੰ ਪਤਾ ਹੈ ਕਿ ਇਸ ਨੂੰ ਸਹੀ ਕਰਨ ਲਈ ਸਾਨੂੰ ਕਾਫੀ ਕੁਝ ਕਰਨਾ ਹੋਵੇਗਾ। ਪੈਕੇਜਿੰਗ ਵਿਚ ਪਲਾਸਟਿਕ ਦੀ ਭੂਮਿਕਾ ਮਹੱਤਵਪੂਰਨ ਹੈ ਪਰ ਇਸ ਨੂੰ ਹਮੇਸ਼ਾ ਜਮਾਂ ਕਰਨਾ ਹੋਵੇਗਾ, ਰੀਸਾਈਕਲ ਕਰਨਾ ਹੋਵੇਗਾ ਅਤੇ ਵਰਤਣਾ ਹੋਵੇਗਾ।'' ਕੋਕਾ-ਕੋਲਾ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਅਗਲੇ ਸਾਲ ਤੱਕ ਉਸ ਦੇ ਖਪਤਕਾਰਾਂ ਨੂੰ ਐਨਹੈਨਸਡ ਤਕਨਾਲੋਜੀ ਨਾਲ ਬਣੀਆਂ ਹੋਈਆਂ ਪਲਾਸਟਿਕ ਦੀਆਂ ਬੋਤਲਾਂ ਬਾਜ਼ਾਰ ਵਿਚ ਦਿੱਸਣੀਆਂ ਸ਼ੁਰੂ ਹੋ ਜਾਣਗੀਆਂ।

ਗੌਰਤਲਬ ਹੈ ਕਿ ਦੁਨੀਆ ਭਰ ਵਿਚ ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਅਜਿਹਾ ਪਦਾਰਥ ਹੈ ਜੋ ਕਦੇ ਖਤਮ ਨਹੀਂ ਹੁੰਦਾ। ਇਕ ਅਨੁਮਾਨ ਮੁਤਾਬਕ ਜੇਕਰ ਇਸ ਨੂੰ ਖਤਮ ਨਾ ਕੀਤਾ ਗਿਆ ਤਾਂ ਸਾਲ 2050 ਤੱਕ ਸਮੁੰਦਰ ਵਿਚ ਮੱਛੀਆਂ ਤੋਂ ਜ਼ਿਆਦਾ ਪਲਾਸਟਿਕ ਦਾ ਕਚਰਾ ਹੋਵੇਗਾ। ਭਾਰਤ ਨੇ ਵੀ ਇਸ ਦਿਸ਼ਾ ਵਿਚ ਕਦਮ ਚੁੱਕਿਆ ਹੈ ਅਤੇ 2 ਅਕਤੂਬਰ, 2019 ਨੂੰ ਪੀ.ਐੱਮ. ਮੋਦੀ ਨੇ ਇਕ ਵਾਰ ਵਰਤੋਂ ਵਿਚ ਆਉਣ ਵਾਲੇ ਮਤਲਬ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ।


Vandana

Content Editor

Related News