ਹਥਿਆਰਬੰਦ ਸੰਘਰਸ਼ ਕਾਨੂੰਨ ਮੁਤਾਬਕ ਕੀਤਾ ਗਿਆ ਬਗਦਾਦੀ ਦਾ ਅੰਤਿਮ ਸੰਸਕਾਰ

10/29/2019 9:59:37 AM

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਜੁਆਇੰਟ ਚੀਫਸ ਆਫ ਸਟਾਫ ਦੇ ਪ੍ਰਮੁੱਖ ਨੇ ਕਿਹਾ ਕਿ ਇਸਲਾਮਿਕ ਸਟੇਟ ਦੇ ਮੁਖੀ ਬਕਰ-ਅਲ ਬਗਦਾਦੀ ਦਾ ਅੰਤਿਮ ਸੰਸਕਾਰ ਅਮਰੀਕਾ ਦੇ ਆਪਰੇਸ਼ਨਲ ਐਕਸ਼ਨ ਸਟੈਂਡਰਡ ਅਤੇ ਹਥਿਆਰਬੰਦ ਸੰਘਰਸ਼ ਕਾਨੂੰਨ ਦੇ ਮੁਤਾਬਕ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ-ਪੱਛਮੀ ਸੀਰੀਆ ਵਿਚ ਅਮਰੀਕਾ ਦੇ ਵਿਸ਼ੇਸ਼ ਬਲਾਂ ਦੇ ਹਮਲੇ ਵਿਚ ਬਗਦਾਦੀ ਦੇ ਮਾਰੇ ਜਾਣ ਦਾ ਐਲਾਨ ਕੀਤਾ ਸੀ। 

ਦੱਸਿਆ ਗਿਆ ਸੀ ਕਿ ਉੱਤਰੀ-ਪੱਛਮੀ ਸੀਰੀਆ ਵਿਚ ਅਮਰੀਕਾ ਦੇ ਸਵਾਨ ਦਸਤੇ ਨੇ ਇਕ ਪਾਸਿਓਂ ਬੰਦ ਸੁਰੰਗ ਵਿਚ ਆਈ.ਐੱਸ.ਆਈ.ਐੱਸ. ਮੁਖੀ ਦਾ ਪਿੱਛਾ ਕੀਤਾ ਅਤੇ ਜਦੋਂ ਉਸ ਕੋਲ ਬਚਣ ਦਾ ਕੋਈ ਰਸਤਾ ਨਹੀਂ ਬਚਿਆ ਤਾਂ ਉਸ ਨੇ ਆਤਮਘਾਤੀ ਜੈਕੇਟ ਵਿਚ ਧਮਾਕਾ ਕਰ ਕੇ ਖੁਦ ਨੂੰ ਅਤੇ ਹੋਰ ਤਿੰਨ ਨੂੰ ਉੱਡਾ ਲਿਆ ਸੀ। ਜੁਆਇੰਟ ਚੀਫਸ ਆਫ ਸਟਾਫ ਦੇ ਪ੍ਰਮੁੱਖ ਜਨਰਲ ਮਾਰਕ ਮਿਲੇ ਨੇ ਪੱਤਰਕਾਰਾਂ ਨੂੰ ਕਿਹਾ,''ਬਗਦਾਦੀ ਦੀ ਲਾਸ਼ ਨੂੰ ਫੌਰੇਂਸਿਕ ਡੀ.ਐੱਨ.ਏ. ਜਾਂਚ ਲਈ ਸੁਰੱਖਿਅਤ ਕੇਂਦਰ ਲਿਜਾਇਆ ਗਿਆ ਸੀ ਤਾਂ ਜੋ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ ਜਾ ਸਕੇ ਅਤੇ ਉਸ ਮਗਰੋਂ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਇਹ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਇਸ ਨੂੰ ਉਚਿਤ ਤਰੀਕੇ ਨਾਲ ਕੀਤਾ ਗਿਆ।''

ਸੀਨੀਅਰ ਜਨਰਲ ਨੇ ਕਿਹਾ,''ਆਪਰੇਸ਼ਨਲ ਐਕਸ਼ਨ ਸਟੈਂਡਰਡ ਅਤੇ ਹਥਿਆਰਬੰਦ ਸੰਘਰਸ਼ ਕਾਨੂੰਨ ਮੁਤਾਬਕ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।'' ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨੂੰ ਸਮੁੰਦਰ ਵਿਚ ਦਫਨਾਇਆ ਗਿਆ ਸੀ। 2011 ਵਿਚ ਪਾਕਿਸਤਾਨ ਦੇ ਐਬਟਾਬਾਦ ਵਿਚ ਅਮਰੀਕੀ ਕਾਰਵਾਈ ਵਿਚ ਲਾਦੇਨ ਮਾਰਿਆ ਗਿਆ ਸੀ। ਜਨਰਲ ਮਿਲੇ ਨੇ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਅਮਰੀਕੀ ਬਲਾਂ ਨੂੰ ਘਟਨਾਸਥਲ (ਜਿੱਥੇ ਬਗਦਾਦੀ ਮਾਰਿਆ ਗਿਆ) ਤੋਂ ਆਈ.ਐੱਸ.ਆਈ.ਐੱਸ. ਨਾਲ ਜੁੜੀਆਂ ਅਤੇ ਭਵਿੱਖ ਦੀਆਂ ਉਨ੍ਹਾਂ ਦੀਆਂ ਯੋਜਨਾਵਾਂ ਨਾਲ ਸਬੰਧਤ ਸਮੱਗਰੀ ਵੀ ਮਿਲੀ। 

ਜੁਆਇੰਟ ਚੀਫਸ ਆਫ ਸਟਾਫ ਦੇ ਮੁਖੀ ਨੇ ਕਿਹਾ,''ਉੱਥੋਂ ਕੁਝ ਸਾਮਾਨ ਵੀ ਮਿਲਿਆ ਹੈ। ਜਾਂਚ ਪੂਰੀ ਹੋਣ ਤੱਕ ਮੈਂ ਉਸ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਦੇਣਾ ਚਾਹਾਂਗਾ।'' ਉਨ੍ਹਾਂ ਨੇ ਦੱਸਿਆ ਕਿ ਅਮਰੀਕੀ ਬਲਾਂ ਨੇ ਬਗਦਾਦੀ ਦੇ ਦੋ ਸਾਥੀਆਂ ਨੂੰ ਵੀ ਫੜਿਆ ਹੈ। ਜਨਰਲ ਮਿਲੇ ਨੇ ਕਿਹਾ,''ਦੋ ਪੁਰਸ਼ਾਂ ਨੂੰ ਫੜਿਆ ਗਿਆ ਹੈ ਜੋ ਹਾਲੇ ਹਿਰਾਸਤ ਵਿਚ ਹਨ।''

Vandana

This news is Content Editor Vandana