ਦਸਤਾਰਧਾਰੀ ਨੌਜਵਾਨ ਯੂ.ਐੱਸ. ਹੈਰਿਸ ਕਾਊਂਟੀ 'ਚ ਬਣਿਆ ਪਹਿਲਾ ਡਿਪਟੀ ਕਾਂਸਟੇਬਲ (ਵੀਡੀਓ)

01/22/2020 2:41:29 PM

ਵਾਸ਼ਿੰਗਟਨ (ਭਾਸ਼ਾ): ਇਕ ਭਾਰਤੀ-ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦਸਤਾਰਧਾਰੀ ਅੰਮ੍ਰਿਤ ਸਿੰਘ ਨੇ ਅਮਰੀਕਾ ਦੇ ਟੈਕਸਾਸ ਰਾਜ ਵਿਚ ਹੈਰਿਸ ਕਾਊਂਟੀ ਵਿਚ ਪਹਿਲੇ ਸਿੱਖ ਡਿਪਟੀ ਕਾਂਸਟੇਬਲ ਦੇ ਰੂਪ ਵਿਚ ਸਹੁੰ ਚੁੱਕ ਕੇ ਇਤਿਹਾਸ ਰਚਿਆ ਹੈ। ਮਿਲੀ ਜਾਣਕਾਰੀ ਮੁਤਾਬਕ 21 ਸਾਲ ਦੇ ਅੰਮ੍ਰਿਤ ਸਿੰਘ ਨੂੰ ਡਿਊਟੀ ਨਿਭਾਉਣ ਦੌਰਾਨ ਆਪਣੇ ਧਾਰਮਿਕ ਚਿੰਨ੍ਹ ਜਿਵੇਂ ਪੱਗ, ਦਾੜ੍ਹੀ ਅਤੇ ਕੇਸ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਮੰਗਲਵਾਰ ਨੂੰ ਅੰਮ੍ਰਿਤ ਸਿੰਘ ਦੇ ਸਹੁੰ ਚੁੱਕ ਸਮਾਗਮ ਦਾ ਇਤਿਹਾਸਿਕ ਦਿਨ ਸੀ ਕਿਉਂਕਿ ਨਵੀਂ ਨੀਤੀ ਲਾਗੂ ਹੋਣ ਨਾਲ ਅੰਮ੍ਰਿਤ ਲਈ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰਨ ਦਾ ਰਸਤਾ ਸਾਫ ਹੋ ਗਿਆ। ਨਵੀਂ ਨੀਤੀ ਦੇ ਮੁਤਾਬਕ ਹੈਰਿਸ ਕਾਊਂਟੀ ਦੇ ਲੱਗਭਗ ਸਾਰੇ ਕਾਂਸਟੇਬਲ ਦਫਤਰਾਂ ਵਿਚ ਇਨਫੋਰਸਮੈਂਟ ਅਧਿਕਾਰੀ ਵਰਦੀ ਦੇ ਨਾਲ ਆਪਣੇ ਧਾਰਮਿਕ ਚਿੰਨ੍ਹ ਧਾਰਨ ਕਰ ਸਕਦੇ ਹਨ ਮਤਲਬ ਸਿੱਖ ਵੀ ਡਿਊਟੀ ਦੌਰਾਨ ਪੱਗ ਅਤੇ ਦਾੜ੍ਹੀ ਰੱਖ ਸਕਦੇ ਹਨ।

ਅੰਮ੍ਰਿਤ ਸਿੰਘ ਹਮੇਸ਼ਾ ਸ਼ਾਂਤੀ ਅਧਿਕਾਰੀ ਦੇ ਰੂਪ ਵਿਚ ਕੰਮ ਕਰਨਾ ਚਾਹੁੰਦੇ ਸਨ। ਉਹਨਾਂ ਨੇ ਕਈ ਸਾਲ ਕਾਨੂੰਨ ਲਾਗੂ ਕਰਨ ਵਾਲੇ ਐਕਸਪਲੋਰਰ ਪ੍ਰੋਗਰਾਮਾਂ ਵਿਚ ਅਤੇ ਪੁਲਸ ਸਿਖਲਾਈ ਅਕੈਡਮੀ ਵਿਚ 5 ਮਹੀਨੇ ਬਿਤਾਏ। ਅੰਮ੍ਰਿਤ ਸਿੰਘ ਨੇ ਕਿਹਾ,''ਅੱਗੇ ਵੱਧਦੇ ਹੋਏ ਮੈਂ ਹਮੇਸ਼ਾ ਇਕ ਡਿਪਟੀ ਬਣਨਾ ਚਾਹੁੰਦਾ ਸੀ ਪਰ ਮੇਰੇ ਲਈ ਸਿੱਖੀ ਸਰੂਪ ਵਿਚ ਰਹਿਣਾ ਵੀ ਜ਼ਰੂਰੀ ਸੀ।'' ਉਹਨਾਂ ਨੇ ਅੱਗੇ ਦੱਸਿਆ,''ਕਾਂਸਟੇਬਲ ਐਲਨ ਰੋਸੇਨ ਮੈਨੂੰ ਕਾਲਬੈਕ ਦੇਣ ਵਾਲੇ ਪਹਿਲੇ ਵਿਅਕਤੀ ਸਨ। ਉਹਨਾਂ ਨੇ ਮੇਰੇ ਲਈ ਖੁਲ੍ਹੀਆਂ ਬਾਹਵਾਂ ਨਾਲ ਇਹ ਏਜੰਸੀ ਖੋਲ੍ਹੀ।'' ਅੰਮ੍ਰਿਤ ਦੇ ਸਹੁੰ ਚੁੱਕ ਸਮਾਗਮ ਵਿਚ ਬੋਲਦੋ ਹੋਏ ਪ੍ਰੀਸਿੰਕਟ (ਖੇਤਰ) 1 ਕਾਂਸਟੇਬਲ ਰੋਸੇਨ ਨੇ ਕਿਹਾ ਕਿ ਕਾਊਂਟੀ ਦੇ 8 ਕਾਂਸਟੇਬਲਾਂ ਨੇ ਸਿੱਖਾਂ ਲਈ ਉਹਨਾਂ ਦੇ ਧਰਮ ਦੀ ਪਾਲਣਾ ਕਰਦਿਆਂ ਸੇਵਾ ਕਰਨ ਦਾ ਸਮਰਥਨ ਕੀਤਾ।

ਰੋਸੇਨ ਨੇ ਕਿਹਾ,''ਯਹੂਦੀ ਧਰਮ ਦਾ ਹੋਣ ਕਾਰਨ ਮੈਂ ਜਾਣਦਾ ਹਾਂ ਕਿ ਧਾਰਮਿਕ ਰੂਪ ਨਾਲ ਨਿਸ਼ਾਣਾ ਬਣਾਉਣ 'ਤੇ ਕੀ ਮਹਿਸੂਸ ਹੁੰਦਾ ਹੈ। ਸਮਝ ਅਤੇ ਸਹਿਣਸ਼ੀਲਤਾ ਦਾ ਪਾਠ ਪੜ੍ਹਾਉਣਾ ਕਿੰਨਾ ਮਹੱਤਵਪੂਰਨ ਹੈ।'' ਕੁਝ ਮਹੀਨੇ ਦੀ ਖੇਤਰ ਸਿਖਲਾਈ ਦੇ ਬਾਅਦ ਅੰਮ੍ਰਿਤ ਨੂੰ ਪ੍ਰੀਸਿੰਕਟ 1 ਦੇ ਤਹਿਤ ਗਸ਼ਤ ਦਾ ਕੰਮ ਦਿੱਤਾ ਜਾਵੇਗਾ।


Vandana

Content Editor

Related News