15 ਸਾਲ ਤੋਂ ਪੈਰਲਾਈਜ਼ਡ ਸ਼ਖਸ ਨੇ ਪੂਰੀ ਕੀਤੀ ਮੈਰਾਥਨ, ਬਣਾਇਆ ਰਿਕਾਰਡ

01/16/2020 11:01:16 AM

ਵਾਸ਼ਿੰਗਟਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਹਿੰਮਤੀ ਮਨੁੱਖ ਨੂੰ ਸਫਲਤਾ ਜ਼ਰੂਰ ਹਾਸਲ ਹੁੰਦੀ ਹੈ। ਸਫਲਤਾ ਦਾ ਇਹ ਫਲ 15 ਸਾਲ ਤੋਂ ਪੈਰਾਲਾਈਜ਼ਡ ਸ਼ਖਸ ਨੂੰ ਮਿਲਿਆ ਅਤੇ ਉਸ ਨੇ ਮੈਰਾਥਨ ਪੂਰੀ ਕਰ ਕੇ ਵਰਲਡ ਰਿਕਾਰਡ ਕਾਇਮ ਕੀਤਾ। ਅਮਰੀਕਾ ਦੇ ਪੈਰਾਲਾਈਜ਼ਡ ਦੌੜਾਕ ਐਡਮ ਗੋਰਲਿਟਸਕੀ ਨੇ ਚਾਰਲਸਟਨ ਮੈਰਾਥਨ 33 ਘੰਟੇ 50 ਮਿੰਟ 23 ਸੈਕੰਡ ਵਿਚ ਪੂਰੀ ਕੀਤੀ। ਐਡਮ ਨੇ ਐਕਸੋ-ਸਕੇਲੇਟਨ ਸੂਟ ਪਹਿਨ ਕੇ 26.2 ਮੀਲ (ਕਰੀਬ 42.1 ਕਿਲੋਮੀਟਰ) ਦੀ ਮੈਰਾਥਨ ਪੂਰੀ ਕੀਤੀ। ਉਹਨਾਂ ਨੇ ਇਹ ਸੂਟ ਪਹਿਨ ਕੇ ਸਭ ਤੋਂ ਘੱਟ ਸਮੇਂ ਵਿਚ ਮੈਰਾਥਨ ਪੂਰੀ ਕਰਨ ਦਾ ਵਰਲਡ ਰਿਕਾਰਡ ਬਣਾਇਆ।

32 ਸਾਲਾ ਐਡਮ ਨੇ ਬ੍ਰਿਟੇਨ ਦੇ ਸਾਈਮਨ ਕਿੰਡਲੇਸਾਈਡਸ ਦਾ 2018 ਦਾ ਰਿਕਾਰਡ ਤੋੜ ਦਿੱਤਾ। ਉਦੋਂ ਸਾਈਮਨ ਨੇ ਐਕਸੋ-ਸਕੇਲੇਟਨ ਸੂਟ ਪਹਿਨ ਕੇ ਲੰਡਨ ਮੈਰਾਥਨ 36 ਘੰਟੇ 46 ਮਿੰਟ ਵਿਚ ਪੂਰੀ ਕੀਤੀ ਸੀ। 2005 ਵਿਚ ਕਾਰ ਹਾਦਸੇ ਵਿਚ ਐਡਮ ਦੀ ਰੀੜ੍ਹ ਦੀ ਹੱਡੀ ਵਿਚ ਸੱਟ ਲੱਗ ਗਈ ਸੀ। ਇਸ ਦੇ ਬਾਅਦ ਉਹਨਾਂ ਦੇ ਲੱਕ ਦਾ ਹੇਠਲਾ ਹਿੱਸਾ ਪੈਰਾਲਾਈਜ਼ਡ ਹੋ ਗਿਆ ਸੀ। ਡਾਕਟਰਾਂ ਨੇ ਕਿਹਾ ਸੀ ਕਿ ਉਹ ਕਦੇ ਚੱਲ ਨਹੀਂ ਸਕਣਗੇ। ਇਸ ਦੇ ਬਾਵਜੂਦ ਐਡਮ ਨੇ ਹਿੰਮਤ ਨਹੀਂ ਹਾਰੀ ਅਤੇ ਮੈਰਾਥਨ ਪੂਰਾ ਕਰਨ ਦਾ ਆਪਣਾ ਸੁਪਨਾ ਪੂਰਾ ਕੀਤਾ। ਐਡਮ ਨੇ ਵੀਰਵਾਰ ਰਾਤ ਦੌੜ ਸ਼ੁਰੂ ਕੀਤੀ ਅਤੇ ਸ਼ਨੀਵਾਰ ਸਵੇਰੇ ਖਤਮ ਕੀਤੀ। ਉਹਨਾਂ ਨੇ ਸੋਣ  ਲਈ ਵੀ ਬ੍ਰੇਕ ਨਹੀਂ ਲਈ।

ਐਡਮ ਨੇ ਦੂਜੀ ਵਾਰ ਕਿਸੇ ਮੈਰਾਥਨ ਵਿਚ ਹਿੱਸਾ ਲਿਆ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਲਾਸ ਏਂਜਲਸ ਮੈਰਾਥਨ ਵਿਚ ਸ਼ਾਮਲ ਹੋਏ ਸਨ। ਉਦੋਂ ਉਹਨਾਂ ਨੇ 17.2 ਮੀਲ ਦੌੜ ਲਗਾਈ ਸੀ। ਦੌੜ ਖਤਮ ਕਰਨ ਦੇ ਬਾਅਦ ਉਹਨਾਂ ਨੇ ਕਿਹਾ,''ਗ੍ਰਹਿ ਨਗਰ ਵਿਚ ਹੋਣ ਕਾਰਨ ਕਈ ਗਰੁੱਪਾਂ ਨੇ ਮੈਨੂੰ ਸਹਿਯੋਗ ਦਿੱਤਾ। ਕਈ ਲੋਕ ਪੂਰੀ ਦੌੜ ਵਿਚ ਮੇਰੇ ਨਾਲ ਰਹੇ। ਉਹਨਾਂ ਕਾਰਨ ਹੀ ਮੈਨੂੰ ਇਸ ਮੈਰਾਥਨ ਨੂੰ ਪੂਰਾ ਕਰਨ ਦੀ ਤਾਕਤ ਮਿਲੀ।'' ਇੱਥੇ ਦੱਸ ਦਈਏ ਕਿ ਐਕਸੋ-ਸਕੇਲੇਟਨ ਇਕ ਪਹਿਨਣ ਯੋਗ ਮਸ਼ੀਨ ਹੁੰਦੀ ਹੈ ਜੋ ਇਲੈਕਟ੍ਰਿਕ ਮੋਟਰਸ ਨਿਊਮੈਟੀਕਸ, ਲੀਵਰ, ਹਾਈਡ੍ਰਾਲਿਕਸ ਦੇ ਸੁਮੇਲ ਨਾਲ ਸੰਚਾਲਿਤ ਹੁੰਦੀ ਹੈ। ਪੈਰਾਲਾਈਜ਼ਡ ਲੋਕ ਇਸ ਦੀ ਮਦਦ ਨਾਲ ਤੁਰਦੇ ਹਨ। ਇਸ ਵਿਚ ਸੈਂਸਰ ਲੱਗੇ ਹੁੰਦੇ ਹਨ ਜੋ ਗਤੀਵਿਧੀ ਅਤੇ ਸੰਕੇਤਾਂ ਨੂੰ ਸਮਝ ਕੇ ਮਸ਼ੀਨ ਨੂੰ ਸਿਗਨਲ ਭੇਜਦੇ ਹਨ। ਇਸ ਮਸ਼ੀਨ ਨਾਲ ਉਹਨਾਂ ਦੇ ਮੋਢਿਆਂ, ਲੱਕ, ਪੱਟ ਅਤੇ ਪਿੱਠ ਨੂੰ ਸਪੋਰਟ ਮਿਲਦੀ ਹੈ। 

Vandana

This news is Content Editor Vandana