ਮੈਲਬੌਰਨ ''ਚ ਐਂਬੂਲੈਂਸ ਹੋਈ ਹਾਦਸੇ ਦੀ ਸ਼ਿਕਾਰ, ਵਾਲ-ਵਾਲ ਬਚੇ ਮੈਡੀਕਲ ਅਧਿਕਾਰੀ

06/21/2018 3:22:28 PM

ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਇਕ ਐਂਬੂਲੈਂਸ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ ਦੋ ਪੈਰਾ-ਮੈਡੀਕਲ ਅਧਿਕਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਮੁਤਾਬਕ ਐਂਬੂਲੈਂਸ ਉਸ ਥਾਂ 'ਤੇ ਜਾ ਰਹੀ ਸੀ, ਜਿੱਥੇ ਬੱਚੇ ਦਾ ਜਨਮ ਹੋਣ ਵਾਲਾ ਸੀ। ਐਂਬੂਲੈਂਸ ਦੀ ਉੱਤਰੀ ਮੈਲਬੌਰਨ ਦੇ ਕੁਈਨਜ਼ਬੈਰੀ ਸਟਰੀਟ 'ਚ ਕਾਲੇ ਰੰਗ ਦੀ ਬੀ. ਐੱਮ. ਡਬਲਿਊ ਨਾਲ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 9.00 ਵਜੇ ਵਾਪਰਿਆ। 


ਟੱਕਰ ਇੰਨੀ ਭਿਆਨਕ ਸੀ ਕਿ ਐਂਬੂਲੈਂਸ ਸੜਕ 'ਤੇ ਉਲਟਬਾਜ਼ੀਆਂ ਖਾਂਦੀ ਹੋਈ ਪਲਟ ਗਈ। ਇਸ ਹਾਦਸੇ ਕਾਰਨ ਔਰਤ ਅਤੇ ਪੁਰਸ਼ ਪੈਰਾ-ਮੈਡੀਕਲ ਅਧਿਕਾਰੀ ਜ਼ਖਮੀ ਹੋ ਗਏ, ਉਨ੍ਹਾਂ ਨੂੰ ਰਾਇਲ ਮੈਲਬੌਰਨ ਹਸਪਤਾਲ 'ਚ ਲਿਜਾਇਆ ਗਿਆ।

ਕਾਰ ਦੇ ਡਰਾਈਵਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਦੇ ਸਮੇਂ ਐਂਬੂਲੈਂਸ ਵਿਚ ਕੋਈ ਮਰੀਜ਼ ਨਹੀਂ ਸੀ। ਹਾਦਸੇ ਤੋਂ ਬਾਅਦ ਕੁਈਨਜ਼ਬੈਰੀ ਸਟਰੀਟ ਨੂੰ ਬੰਦ ਕਰ ਦਿੱਤਾ ਗਿਆ ਅਤੇ ਕੁਝ ਘੰਟਿਆਂ ਬਾਅਦ ਖੋਲ੍ਹਿਆ ਗਿਆ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।