ਸਿੰਧ ਅਤੇ ਬਲੋਚਿਸਤਾਨ ਦੇ ਲੋਕ ਪਾਕਿਸਤਾਨ ਦੇ ਵਿਰੁੱਧ ਹਨ : MQM ਮੁਖੀ

07/27/2020 3:18:53 PM

ਲੰਡਨ (ਬਿਊਰੋ): ਮੁਤਾਹਿਦਾ ਕੌਮੀ ਮੂਵਮੈਂਟ (MQM) ਦੇ ਸੰਸਥਾਪਕ ਅਲਤਾਫ ਹੁਸੈਨ ਦੇ ਮੁਤਾਬਕ, ਸਿੰਧ ਅਤੇ ਬਲੋਚਿਸਤਾਨ ਦੇ ਲੋਕ ਪਾਕਿਸਤਾਨੀ ਸਥਾਪਤੀ ਦੇ ਵਿਰੁੱਧ ਹਨ ਕਿਉਂਕਿ ਇਸ ਨੇ ਸੂਬਿਆਂ ਨੂੰ "ਬਸਤੀਵਾਦੀ" ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਸਾਰੇ ਸਰੋਤਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।ਇਕ ਬਿਆਨ ਵਿਚ ਹੁਸੈਨ ਦੇ ਹਵਾਲੇ ਨਾਲ ਕਿਹਾ ਗਿਆ,"ਸਿੰਧ ਅਤੇ ਬਲੋਚਿਸਤਾਨ ਦੇ ਸੱਚੇ ਪੁੱਤਰ ਫੈਡਰੇਸ਼ਨ ਆਫ ਪਾਕਿਸਤਾਨ ਦੇ ਵਿਰੁੱਧ ਹਨ ਕਿਉਂਕਿ ਫੈਡਰੇਸ਼ਨ ਨੇ ਸਿੰਧ, ਬਲੋਚਿਸਤਾਨ ਅਤੇ ਪਖਤੂਨਖਵਾ ਨੂੰ ਬਸਤੀ ਬਣਾ ਦਿੱਤਾ ਹੈ ਅਤੇ ਉਨ੍ਹਾਂ ਨੇ ਛੋਟੇ ਸੂਬਿਆਂ ਦੇ ਸਾਰੇ ਸਰੋਤਾਂ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਹੈ।"

ਉਨ੍ਹਾਂ ਨੇ ਅੱਗੇ ਕਿਹਾ ਕਿ ਫੈਡਰੇਸ਼ਨ ਅਸਲ ਵਿਚ ਉਹ ਸਿਸਟਮ ਹੈ ਜੋ ਪੰਜਾਬ ਦੇ ਹਿੱਤ ਦੀ ਰੱਖਿਆ ਕਰਦਾ ਹੈ। ਉਨ੍ਹਾਂ ਸਿੰਧ, ਬਲੋਚਿਸਤਾਨ, ਪਖਤੂਨਖਵਾ ਅਤੇ ਗਿਲਗਿਤ ਬਾਲਟੀਸਤਾਨ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਪੰਜਾਬ ਦੇ ਚੁੰਗਲ ਤੋਂ ਮੁਕਤ ਹੋਣ। ਹੁਸੈਨ ਨੇ ਕਿਹਾ ਕਿ ਅਜਿਹਾ ਦਿਨ ਆਵੇਗਾ ਜਦੋਂ ਸਿੰਧ ਅਤੇ ਬਲੋਚਿਸਤਾਨ ਨੂੰ ਪੰਜਾਬ ਤੋਂ ਆਜ਼ਾਦੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸਿੰਧੂਦੇਸ਼ ਵਿਚ ਸਾਰੇ ਨਾਗਰਿਕਾਂ ਨਾਲ ਬਰਾਬਰੀ ਵਾਲਾ ਵਿਵਹਾਰ ਕੀਤਾ ਜਾਵੇਗਾ ਅਤੇ ਕਿਸੇ ਨੂੰ ਵੀ ਜਾਤੀ, ਰੰਗ ਜਾਂ ਧਰਮ ਦੇ ਨਾਮ 'ਤੇ ਵਾਂਝਾ ਨਹੀਂ ਰੱਖਿਆ ਜਾਵੇਗਾ। ਅਲਤਾਫ ਹੁਸੈਨ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਬ੍ਰਿਟਿਸ਼ ਸਾਮਰਾਜ ਦੀ ਸਾਜਿਸ਼ ਰਾਹੀਂ ਬਣਾਇਆ ਗਿਆ ਸੀ ਅਤੇ ਇਸ ਉਦੇਸ਼ ਲਈ ਧਰਮ ਦੀ ਵਰਤੋਂ ਇਕ ਸਾਧਨ ਵਜੋਂ ਕੀਤੀ ਗਈ ਸੀ।

ਹੁਸੈਨ ਉਪ ਮਹਾਂਦੀਪ ਦੇ ਇਤਿਹਾਸ 'ਤੇ ਭਾਸ਼ਣ ਦੇ ਰਿਹਾ ਸੀ। ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦਾ ਭਾਸ਼ਣ ਦਾ ਸਿੱਧਾ ਪ੍ਰਸਾਰਣ ਮੁਗਲ ਸਾਮਰਾਜ ਦੇ ਇਤਿਹਾਸ, ਪਲਾਸੀ ਦੀ ਜੰਗ (1757), ਮੈਸੂਰ ਦੀ ਲੜਾਈ (1767) ਅਤੇ ਵਿਦਰੋਹ (1857) ਅਤੇ ਬ੍ਰਿਟਿਸ਼ ਦੁਆਰਾ ਭਾਰਤ ਦੇ ਬਸਤੀਕਰਨ ਦਾ ਸੰਖੇਪ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਇਤਿਹਾਸ ਅਤੇ ਸਭਿਅਤਾ ਹਜ਼ਾਰਾਂ ਸਾਲ ਪੁਰਾਣੀ ਹੈ ਅਤੇ ਇਸ ਦੇ ਵੱਖ- ਵੱਖ ਧਰਮ, ਸਭਿਆਚਾਰ ਅਤੇ ਰਿਵਾਜ ਹਨ। ਜਦੋਂ ਬ੍ਰਿਟਿਸ਼ ਸਾਮਰਾਜ ਨੇ ਭਾਰਤ ਉੱਤੇ ਕਬਜ਼ਾ ਕਰ ਲਿਆ, ਤਾਂ ਹਿੰਦੂਆਂ ਅਤੇ ਮੁਸਲਮਾਨਾਂ ਨੇ ਬ੍ਰਿਟਿਸ਼ ਬਸਤੀਵਾਦ ਵਿਰੁੱਧ ਬਗਾਵਤ ਸ਼ੁਰੂ ਕਰ ਦਿੱਤੀ। ਇਸ ਬਗਾਵਤ ਨੂੰ ਅਸਫਲ ਕਰਨ ਲਈ ਬ੍ਰਿਟਿਸ਼ ਸਾਮਰਾਜ ਨੇ ਆਪਣੀ ਸਥਾਨੀਕਰਨ ਨੂੰ ਮਜ਼ਬੂਤ ਕਰਨ ਲਈ "ਵੰਡੋ ਅਤੇ ਰਾਜ ਕਰੋ" ਦੀ ਆਪਣੀ ਨੀਤੀ ਜ਼ਰੀਏ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੰਡ ਦਿੱਤਾ। ਬ੍ਰਿਟਿਸ਼ ਸਾਮਰਾਜ ਨੇ ਭਾਰਤ ਦੀ ਵੰਡ ਲਈ ਦੋ ਰਾਸ਼ਟਰ ਸਿਧਾਂਤ ਲਿਆਂਦਾ ਅਤੇ ਇਸਲਾਮ ਦੇ ਨਾਮ ਤੇ ਮੁਸਲਮਾਨਾਂ ਦੀ ਵਰਤੋਂ ਕੀਤੀ।

ਪੜ੍ਹੋ ਇਹ ਅਹਿਮ ਖਬਰ- ਵਿਦੇਸ਼ੀ ਵਿੱਦਿਆ ਖੇਤਰ 'ਚ 34 ਮਿਲੀਅਨ ਡਾਲਰ ਖਰਚ ਕਰੇਗਾ ਨਿਊਜ਼ੀਲੈਂਡ 

ਹੁਸੈਨ ਨੇ ਕਿਹਾ ਕਿ ਪੱਛਮੀ ਪੰਜਾਬ ਦੇ ਲੋਕਾਂ ਨੇ ਭਾਰਤ ਦੇ ਬਸਤੀਕਰਨ ਅਤੇ ਆਜ਼ਾਦੀ ਘੁਲਾਟੀਆਂ ਨੂੰ ਕੁਚਲਣ ਲਈ ਬ੍ਰਿਟਿਸ਼ ਦੀ ਮਦਦ ਕੀਤੀ। ਹੁਸੈਨ ਨੇ ਅੱਗੇ ਕਿਹਾ ਕਿ ਜ਼ਿਆਦਾਤਰ ਬ੍ਰਿਟਿਸ਼ ਫੌਜ ਪੱਛਮੀ ਪੰਜਾਬ ਦੇ ਸਨ, ਬ੍ਰਿਟਿਸ਼ ਫੌਜ ਨੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਸੀ ਅਤੇ ਉਹ ਮੁਸਲਮਾਨਾਂ ਵਿਰੁੱਧ ਬ੍ਰਿਟਿਸ਼ ਦੀ ਸੇਵਾ ਕਰਨ ਲਈ ਤਿਆਰ ਸਨ। ਉਸ ਨੇ ਅੱਗੇ ਕਿਹਾ,"ਪਾਕਿਸਤਾਨੀ ਸੈਨਾ ਦੇ ਜਰਨੈਲ ਅਤੇ ਅਧਿਕਾਰੀ ਇੰਨੇ ਬੇਰਹਿਮ ਇਸ ਲਈ ਹਨ ਕਿਉਂਕਿ ਉਨ੍ਹਾਂ ਦੇ ਪੁਰਖਿਆਂ ਨੂੰ ਬ੍ਰਿਟਿਸ਼ ਦੁਆਰਾ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਨੇ ਭਾਰਤ, ਸਾਊਦੀ ਅਰਬ, ਜੌਰਡਨ ਅਤੇ ਯਮਨ ਵਿਚ ਨਿਰਦੋਸ਼ ਮੁਸਲਮਾਨਾਂ ਦੀ ਹੱਤਿਆ ਕੀਤੀ ਸੀ।"

Vandana

This news is Content Editor Vandana