ਨਹੀਂ ਮਿਲੀ ਆਸਟ੍ਰੇਲੀਅਨ ਔਰਤ ਦੀ ਲਾਸ਼, ਮਾਂ ਦੇ ਬੋਲ- ਧੀ ਦਾ ਮੂੰਹ ਦੇਖਣਾ ਵੀ ਨਾ ਹੋਇਆ ਨਸੀਬ

04/11/2018 11:43:17 AM

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸ਼ਹਿਰ ਵਾਗਾ ਵਾਗਾ 'ਚ 27 ਸਾਲਾ ਅਲੇਚਾ ਬੋਇਡ ਨਾਂ ਦੀ ਔਰਤ ਲਾਪਤਾ ਹੋ ਗਈ ਸੀ। ਪੁਲਸ ਉਸ ਦੀ ਲਾਸ਼ ਨੂੰ ਅਜੇ ਤੱਕ ਨਹੀਂ ਲੱਭ ਸਕੀ ਹੈ। ਪੁਲਸ ਉਸ ਦੇ ਸ਼ੱਕੀ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿਚ ਜੁੱਟੀ ਹੋਈ ਹੈ। ਵੱਡੇ ਪੱਧਰ 'ਤੇ ਪੁਲਸ ਨਿਊ ਸਾਊਥ ਵੇਲਜ਼ ਦੇ ਜੰਗਲੀ ਇਲਾਕਿਆਂ 'ਚ ਉਸ ਦੀ ਲਾਸ਼ ਦੀ ਭਾਲ ਕਰ ਰਹੀ ਹੈ। ਇਕ ਅਧਿਕਾਰੀ ਮੁਤਾਬਕ ਅਲੇਚਾ ਬੋਇਡ ਦੀ ਲਾਸ਼ ਨੂੰ ਲੱਭਣ ਲਈ 60 ਸਪੈਸ਼ਲ ਅਧਿਕਾਰੀ ਜੋ ਕਿ ਖੋਜੀ ਕੁੱਤਿਆਂ ਦੀ ਮਦਦ ਨਾਲ ਦੱਖਣੀ ਅਤੇ ਪੱਛਮੀ ਖੇਤਰਾਂ 'ਚ ਉਸ ਦੀ ਭਾਲ ਕਰ ਰਹੇ ਹਨ। 


ਜ਼ਿਕਰਯੋਗ ਹੈ ਕਿ ਅਲੇਚਾ ਨੂੰ ਆਖਰੀ ਵਾਰ 10 ਅਗਸਤ 2017 ਨੂੰ ਵਾਗਾ ਵਾਗਾ ਸ਼ਹਿਰ 'ਚ ਦੇਖਿਆ ਗਿਆ ਸੀ, ਉਹ ਆਪਣੀ ਕਾਰ ਵਿਚ ਸਵਾਰ ਸੀ। ਅਲੇਚਾ ਦੇ ਕਤਲ ਦੇ ਸੰਬੰਧ 'ਚ 19 ਸਾਲਾ ਐਂਥਨੀ ਸ਼ੈਨ ਹਗਨ ਅਤੇ 37 ਸਾਲਾ ਸੈਮੂਏਲ ਸ਼ੇਫਾਰਡ ਨੂੰ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ। ਦੋਵੇਂ ਵਾਗਾ ਵਾਗਾ ਦੇ ਰਹਿਣ ਵਾਲੇ ਹਨ। ਪੁਲਸ ਦਾ ਕਹਿਣਾ ਹੈ ਕਿ ਨਵੀਂ ਸ਼ੁਰੂ ਕੀਤੀ ਗਈ ਖੋਜ ਮੁਹਿੰਮ 'ਚ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਅਲੇਚਾ ਦੀ ਲਾਸ਼ ਮਿਲ ਜਾਵੇਗੀ। ਉਮੀਦ ਹੈ ਕਿ ਪੁਲਸ ਅਲੇਚਾ ਦੀ ਲਾਸ਼ ਨੂੰ ਲੱਭ ਲਵੇਗੀ ਅਤੇ ਲਾਸ਼ ਨੂੰ ਪਰਿਵਾਰ ਹਵਾਲੇ ਕੀਤਾ ਜਾਵੇਗਾ ਪਰ ਇਹ ਖੋਜ ਬਹੁਤ ਮੁਸ਼ਕਲ ਹੈ। ਅਲੇਚਾ ਦੇ ਮਾਪੇ ਆਪਣੀ ਧੀ ਨੂੰ ਆਖਰੀ ਵਾਰ ਦੇਖ ਵੀ ਨਹੀਂ ਸਕੇ, ਜਿਸ ਦਾ ਉਨ੍ਹਾਂ ਨੂੰ ਡੂੰਘਾ ਦੁੱਖ ਹੈ।