ਸਿਡਨੀ ਦੇ ਉੱਤਰ 'ਚ ਕੰਗਾਰੂਆਂ ਨੇ ਕੀਤਾ ਸੈਲਾਨੀਆਂ 'ਤੇ ਹਮਲਾ, ਚਿਤਾਵਨੀ ਜਾਰੀ

05/02/2018 1:44:55 PM

ਸਿਡਨੀ (ਬਿਊਰੋ)— ਸਿਡਨੀ ਦੇ ਉੱਤਰ ਵਿਚ ਕੰਗਾਰੂਆਂ ਵੱਲੋਂ ਸੈਲਾਨੀਆਂ 'ਤੇ ਹਮਲੇ ਕਰਨ ਦੀਆਂ ਖਬਰਾਂ ਆਈਆਂ ਹਨ। ਇਹ ਕੰਗਾਰੁ ਜ਼ਿਆਦਾਤਰ ਸੈਲਾਨੀਆਂ ਦੇ ਚਿਹਰੇ, ਪਿੱਠ ਅਤੇ ਗਰਦਨ 'ਤੇ ਹਮਲਾ ਕਰ ਰਹੇ ਹਨ।

ਇਸ ਸੰਬੰਧੀ ਸਥਾਨਕ ਸੰਸਦ ਮੈਂਬਰ ਵੱਲੋਂ ਖਤਰੇ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਦੱਖਣੀ ਝੀਲ ਮੈਕਕੁਏਰੀ ਵਿਚ ਪ੍ਰਸਿੱਧ ਸੈਰ ਸਪਾਟਾ ਸਥਲ ਮੋਰੀਸੀਟ ਵਿਚ ਹਰ ਹਫਤੇ ਦੇ ਅਖੀਰ ਵਿਚ ਘਾਹ ਦੀਆਂ ਢਲਾਣਾਂ ਵਿਚ ਕੰਗਾਰੂਆਂ ਦੇ ਹਜ਼ਾਰਾਂ ਝੁੰਡ ਦੇਖਣ ਨੂੰ ਮਿਲਦੇ ਹਨ।

ਹਜ਼ਾਰਾਂ ਸੈਲਾਨੀ ਹਫਤੇ ਦੇ ਅਖੀਰ ਵਿਚ ਉਨ੍ਹਾਂ ਨੂੰ ਦੇਖਣ ਆਉਂਦੇ ਹਨ। ਉਹ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਖਾਣਾ ਖਵਾਉਣ ਦੀ ਕੋਸ਼ਿਸ ਕਰਦੇ ਹਨ। ਪਰ ਇਸ ਵਾਰੀ ਕੰਗਾਰੂਆਂ ਨੇ ਸੈਲਾਨੀਆਂ 'ਤੇ ਹਮਲਾ ਕਰ ਦਿੱਤਾ ਹੈ। 


ਇਸ ਸੰਬੰਧੀ ਇਕ ਵੀਡੀਓ ਫੇਸਬੁੱਕ ਪੇਜ 'ਤੇ ਅਪਲੋਡ ਕੀਤਾ ਗਿਆ ਹੈ। ਤਸਵੀਰਾਂ ਵਿਚ ਸੈਲਾਨੀਆਂ ਨੂੰ ਕੰਗਾਰੂਆਂ ਨੂੰ ਹੱਥਾਂ ਨਾਲ ਖਾਣਾ ਖਵਾਉਂਦੇ ਦੇਖਿਆ ਜਾ ਸਕਦਾ ਹੈ। ਕੰਗਾਰੂਆਂ ਦੇ ਇਸ ਤਰ੍ਹਾਂ ਦੇ ਹਮਲੇ ਵਿਚ ਇਕ ਵਿਅਕਤੀ ਦੇ ਮਾਂਸ ਦਾ ਇਕ ਹਿੱਸਾ ਉਸ ਦੇ ਪੇਟ ਵਿਚ ਫੱਸ ਜਾਂਦਾ ਹੈ। ਜਦਕਿ ਇਕ ਔਰਤ ਦੇ ਚਿਹਰੇ ਦੇ ਖੱਬੇ ਪਾਸੇ ਗੰਭੀਰ ਕੱਟ ਦੇ ਨਿਸ਼ਾਨ ਪੈ ਜਾਂਦੇ ਹਨ। ਜਾਣਕਾਰੀ ਮੁਤਾਬਕ ਕੰਗਾਰੂਆਂ ਦੁਆਰਾ ਬਹੁਤ ਸਾਰੇ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ। ਇਕ ਸੈਲਾਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅਤੇ ਉਸ ਦੇ ਚਿਹਰੇ 'ਤੇ 17 ਟਾਂਕੇ ਲਗਾਉਣੇ ਪਏ ਹਨ।

ਮਿਸਟਰ ਪਾਈਪਰ ਦੱਸਦੇ ਹਨ ਕਿ ਜ਼ਿਆਦਾਤਰ ਸੈਲਾਨੀ ਇਸ ਖਤਰੇ ਤੋਂ ਅਣਜਾਣ ਹਨ। ਉਹ ਇਹੀ ਸੋਚਦੇ ਹਨ ਕਿ ਕੰਗਾਰੂ ਸ਼ਾਂਤ ਸੁਭਾਅ ਵਾਲੇ ਹੁੰਦੇ ਹਨ ਪਰ ਉਹ ਵੀ ਹਮਲਾ ਕਰ ਸਕਦੇ ਹਨ।

ਉਨ੍ਹਾਂ ਮੁਤਾਬਕ ਸੈਲਾਨੀਆਂ ਨੂੰ ਸਹੀ ਚਿਤਾਵਨੀ ਦੇਣ ਲਈ ਬਿਹਤਰ ਸੰਕੇਤ ਦੇਣ ਦੀ ਜ਼ਰੂਰਤ ਹੈ ਅਤੇ ਕਈ ਭਾਸ਼ਾਵਾਂ ਵਿਚ। ਪਾਈਪਰ ਮੁਤਾਬਕ ਉਹ ਸਿਹਤ ਮੰਤਰੀ ਅਤੇ ਵਾਤਾਵਰਣ ਮੰਤਰੀ ਨੂੰ ਬਿਹਤਰ ਸੇਵਾਵਾਂ ਦੇਣ ਬਾਰੇ ਸਲਾਹ ਦੇਣਗੇ।