ਅਲਬਰਟਾ ''ਚ ਕੋਰੋਨਾ ਪੀੜਤਾਂ ਦੀ ਗਿਣਤੀ 20 ਹਜ਼ਾਰ ਤੋਂ ਪਾਰ, ਲਗਾਤਾਰ ਵੱਧ ਰਹੇ ਮਾਮਲੇ

10/14/2020 5:22:42 PM

ਅਡਮਿੰਟਨ- ਅਲਬਰਟਾ ਸੂਬੇ ਵਿਚ ਸ਼ੁੱਕਰਵਾਰ ਤੋਂ ਮੰਗਲਵਾਰ ਤੱਕ 961 ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਤੇ ਇਸ ਦੌਰਾਨ 4 ਲੋਕਾਂ ਦੀ ਮੌਤ ਹੋਈ। ਇਸ ਦੇ ਨਾਲ ਹੀ ਇੱਥੇ ਪੀੜਤਾਂ ਦੀ ਗਿਣਤੀ 20 ਹਜ਼ਾਰ ਤੋਂ ਪਾਰ ਹੋ ਗਈ ਹੈ। 

ਸੂਬੇ ਵਿਚ ਸ਼ੁੱਕਰਵਾਰ ਨੂੰ 236, ਸ਼ਨੀਵਾਰ ਨੂੰ 259, ਐਤਵਾਰ ਨੂੰ 246 ਤੇ ਸੋਮਵਾਰ ਨੂੰ 220 ਕੋਰੋਨਾ ਦੇ ਮਾਮਲੇ ਸਾਹਮਣੇ ਆਏ। ਡਾ. ਡੀਨਾ ਹਿਨਸ਼ਾਅ ਨੇ ਦੱਸਿਆ ਕਿ ਅਲਬਰਟਾ ਵਿਚ ਅਡਮਿੰਟਨ ਕੋਰੋਨਾ ਦਾ ਗੜ੍ਹ ਬਣ ਚੁੱਕਾ ਹੈ। ਇੱਥੇ ਕੋਰੋਨਾ ਦੇ 1,444 ਕਿਰਿਆਸ਼ੀਲ ਮਾਮਲੇ ਹਨ। 

ਤਾਜ਼ਾ ਜਾਣਕਾਰੀ ਮੁਤਾਬਕ ਜਿਨ੍ਹਾਂ 4 ਲੋਕਾਂ ਨੇ ਹਾਲ ਹੀ ਵਿਚ ਕੋਰੋਨਾ ਕਾਰਨ ਦਮ ਤੋੜਿਆ, ਉਨ੍ਹਾਂ ਵਿਚੋਂ 3 ਅਡਮਿੰਟਨ ਨਾਲ ਤੇ ਇਕ ਕੈਲਗਰੀ ਨਾਲ ਸਬੰਧਤ ਸੀ। ਅਲਬਰਟਾ ਦੇ ਬਹੁਤ ਸਾਰੇ ਸਕੂਲਾਂ ਵਿਚ ਵੀ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ, ਇਸ ਕਾਰਨ 21 ਸਕੂਲਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। 

ਬੁੱਧਵਾਰ ਤੋਂ ਅਲਬਰਟਾ ਸਿਹਤ ਸੇਵਾਵਾਂ ਵਲੋਂ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਪਹਿਲਾਂ ਸਮਾਂ ਲੈਣਾ ਪਵੇਗਾ। ਲੈਬਜ਼ ਤੇ ਕੋਰੋਨਾ ਟੈਸਟਿੰਗ ਕੇਂਦਰਾਂ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ, ਜਿਸ ਕਾਰਨ ਲੋਕਾਂ ਨੂੰ ਕਾਫੀ ਇੰਤਜ਼ਾਰ ਕਰਨਾ ਪੈਂਦਾ ਹੈ। ਅਲਬਰਟਾ ਵਿਚ ਹੁਣ ਤੱਕ 20,956 ਲੋਕ ਕੋਰੋਨਾ ਦੀ ਲਪੇਟ ਵਿਚ ਹਨ ਤੇ ਹੁਣ ਤਕ 256 ਲੋਕਾਂ ਦੀ ਮੌਤ ਹੋ ਚੁੱਕੀ ਹੈ। 

Lalita Mam

This news is Content Editor Lalita Mam