ਅਲਬਾਨੀਆ ''ਚ ਭੂਚਾਲ ਕਾਰਨ ਹੁਣ ਤਕ 23 ਲੋਕਾਂ ਦੀ ਮੌਤ

11/27/2019 3:34:44 PM

ਅਲਬਾਨੀਆ — ਅਲਬਾਨੀਆ 'ਚ ਮੰਗਲਵਾਰ ਤੜਕੇ ਆਏ ਭੂਚਾਲ ਕਾਰਣ ਹੁਣ ਤਕ ਘੱਟੋ-ਘੱਟ 23 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਸੈਂਕੜੇ ਲੋਕ ਜ਼ਖਮੀ ਹਨ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.4 ਮਾਪੀ ਗਈ। ਭੂਚਾਲ ਦੇ ਝਟਕੇ ਮੁੱਖ ਰੂਪ ਨਾਲ ਤਿਰਾਨਾ ਅਤੇ ਨਾਲ ਲੱਗਦੇ ਸਮੁੰਦਰੀ ਕੰਢੇ ਵਾਲੇ ਸ਼ਹਿਰ ਦੁਰੇਸ ਵਿਖੇ ਮਹਿਸੂਸ ਕੀਤੇ ਗਏ। ਤਿਰਾਨਾ 'ਚ ਇਕ ਮਕਾਨ ਡਿੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। 2 ਵਿਅਕਤੀ ਦੁਰੇਸ ਵਿਖੇ ਮਾਰੇ ਗਏ। ਥੁਮਾਨੇ ਨਾਮੀ ਇਕ ਬਿਜਲੀ ਕੇਂਦਰ ਨੂੰ ਵੀ ਕਾਫੀ ਨੁਕਸਾਨ ਪੁੱਜਾ। ਸੋਸ਼ਲ ਮੀਡੀਆ 'ਤੇ ਇਮਾਰਤਾਂ ਢਹਿਣ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਮਲਬੇ 'ਚ ਦੱਬੇ ਕਈ ਲੋਕਾਂ ਨੂੰ ਰੈਸਕਿਊ ਟੀਮਾਂ ਨੇ ਬਚਾਇਆ, ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿੰਨੇ ਲੋਕ ਲਾਪਤਾ ਹਨ ਪਰ ਉਹ ਥਾਂ-ਥਾਂ 'ਤੇ ਪਏ ਮਲਬੇ ਨੂੰ ਚੁੱਕ ਕੇ ਲੋਕਾਂ ਦੀ ਭਾਲ ਕਰ ਰਹੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਜਦ ਇਮਾਰਤਾਂ ਢਹਿ ਢੇਰੀ ਹੋਈਆਂ ਤਾਂ ਉਹ ਆਪਣੇ ਰਿਸ਼ਤੇਦਾਰਾਂ ਦੀ ਭਾਲ ਲਈ ਪੁੱਜੇ। ਇਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ 70 ਸਾਲਾ ਮਾਂ ਅਤੇ 6 ਸਾਲਾ ਭਤੀਜੀ ਨੂੰ ਲੈ ਕੇ ਚਿੰਤਾ 'ਚ ਹੈ ਕਿਉਂਕਿ ਉਹ 5 ਮੰਜ਼ਲਾਂ ਇਮਾਰਤ ਦੀ ਸਭ ਤੋਂ ਉਪਰਲੀ ਮੰਜ਼ਲ 'ਤੇ ਰਹਿੰਦੇ ਸਨ। ਫਿਲਹਾਲ ਭਾਲ ਜਾਰੀ ਹੈ ਤੇ ਉਹ ਪ੍ਰਾਰਥਨਾ ਕਰ ਰਿਹਾ ਹੈ ਕਿ ਉਹ ਜਿਊਂਦੇ ਬਚ ਜਾਣ। ਜ਼ਿਕਰਯੋਗ ਹੈ ਕਿ 300 ਸਥਾਨਕ ਫੌਜੀਆਂ ਅਤੇ 1900 ਪੁਲਸ ਵਾਲਿਆਂ ਵਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।


Related News