ਆਸਟ੍ਰੇਲੀਆ : ਤਮਿਲ ਪਰਿਵਾਰ ਦੇ ਹੱਕ ’ਚ ਰੈਲੀਆਂ ਕੱਢ ਰਹੇ ਨੇ ਲੋਕ

09/02/2019 1:37:05 PM

ਮੈਲਬੌਰਨ— ਆਸਟ੍ਰੇਲੀਆ ’ਚ ਇਕ ਤਮਿਲ ਪਰਿਵਾਰ ਨੂੰ ਹਵਾਲਗੀ ਤੋਂ ਬਚਾਉਣ ਲਈ ਪੂਰਾ ਦੇਸ਼ ਇਕਜੁੱਟ ਹੋ ਗਿਆ ਹੈ। ਨਦੇਸਲਿੰਗਮ, ਉਨ੍ਹਾਂ ਦੀ ਪਤਨੀ ਪਿ੍ਰਯਾ ਤੇ ਦੋ ਧੀਆਂ ਨੂੰ ਹਿਰਾਸਤ ਕੇਂਦਰ ਰਾਹੀਂ ਸ਼੍ਰੀਲੰਕਾ ਭੇਜਿਆ ਜਾ ਰਿਹਾ ਹੈ। ਵੀਰਵਾਰ ਨੂੰ ਇਕ ਸੰਘੀ ਜੱਜ ਨੇ ਪਰਿਵਾਰ ਨੂੰ ਲੈ ਜਾ ਰਹੇ ਜਹਾਜ਼ ਨੂੰ ਰੁਕਵਾ ਕੇ ਉਨ੍ਹਾਂ ਨੂੰ ਅਸਥਾਈ ਤੌਰ ’ਤੇ ਭੇਜੇ ਜਾਣ ਤੋਂ ਰੋਕ ਲਿਆ ਸੀ। ਫਿਲਹਾਲ ਇਸ ਪਰਿਵਾਰ ਨੂੰ ਡਾਰਵਿਨ ਦੇ ਕਿ੍ਰਸ਼ਚਿਅਨ ਆਈਲੈਂਡ ’ਚ ਰੱਖਿਆ ਗਿਆ ਹੈ। 
ਆਸਟ੍ਰੇਲੀਆ ’ਚ ਇਸ ਪਰਿਵਾਰ ਨੂੰ ਰੋਕਣ ਲਈ ਰੈਲੀਆਂ ਹੋ ਰਹੀਆਂ ਹਨ। ‘ਲੈੱਟ ਦੈੱਮ ਸਟੇਅ ਹੈਸ਼ਟੈਗ’ ਰਾਹੀਂ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਵੀ ਪਰਿਵਾਰ ਦੇ ਸਮਰਥਨ ’ਚ ਮੈਲਬੌਰਨ, ਕੁਈਨਜ਼ਲੈਂਡ ਅਤੇ ਸਿਡਨੀ ਸਮੇਤ ਕਈ ਸ਼ਹਿਰਾਂ ’ਚ ਰੈਲੀਆਂ ਹੋਈਆਂ। ਹਜ਼ਾਰਾਂ ਦੀ ਗਿਣਤੀ ’ਚ ਲੋਕ ਸੜਕਾਂ ’ਤੇ ਉੱਤਰੇ। ਮੁੱਖ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਐਂਥੋਨੀ ਐਲਬੇਨੀਜ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਗੱਲ ਕੀਤੀ ਹੈ।

ਨਦੇਸਲਿੰਗਮ ਅਤੇ ਉਨ੍ਹਾਂ ਦੀ ਪਤਨੀ ਪਿ੍ਰਯਾ 2012 ਅਤੇ 2013 ’ਚ ਸ਼੍ਰੀਲੰਕਾ ਤੋਂ ਕਿਸ਼ਤੀ ਰਾਹੀਂ ਆਸਟ੍ਰੇਲੀਆ ’ਚ ਦਾਖਲ ਹੋਏ ਸਨ। ਆਸਟ੍ਰੇਲੀਆਈ ਕਾਨੂੰਨ ਮੁਤਾਬਕ ਕਿਸ਼ਤੀ ਰਾਹੀਂ ਆਏ ਲੋਕਾਂ ਨੂੰ ਸ਼ਰਣਾਰਥੀ ਨਹੀਂ ਮੰਨਿਆ ਜਾਂਦਾ। ਅਜਿਹੇ ਲੋਕਾਂ ਨੂੰ ਹਿਰਾਸਤ ਕੇਂਦਰ ’ਚ ਰੱਖਿਆ ਜਾਂਦਾ ਹੈ ਅਤੇ ਵਾਪਸ ਭੇਜ ਦਿੱਤਾ ਜਾਂਦਾ ਹੈ। ਇਹ ਜੋੜਾ ਕੁਈਨਜ਼ਲੈਂਡ ਦੇ ਬਿਲੋਏਲਾ ’ਚ ਰਹਿ ਰਿਹਾ ਸੀ। ਇਨ੍ਹਾਂ ਦੀਆਂ ਦੋ ਧੀਆਂ ਕੋਪਿਕਾ (4) ਅਤੇ ਥਰੂਨਿਕਾ (2) ਆਸਟ੍ਰੇਲੀਆ ’ਚ ਹੀ ਜੰਮੀਆਂ ਹਨ।
ਮਾਰਚ ’ਚ ਅਚਾਨਕ ਇਨ੍ਹਾਂ ਨੂੰ ਸਰਕਾਰ ਦੇ ਹੁਕਮ ’ਤੇ ਮੈਲਬੌਰਨ ਦੇ ਹਿਰਾਸਤ ਕੇਂਦਰ ਭੇਜ ਦਿੱਤਾ ਗਿਆ। ਇਸ ਦੇ ਬਾਅਦ ਪਿਛਲੇ ਹਫਤੇ ਸ਼੍ਰੀਲੰਕਾ ਵਾਪਸ ਜਾਣ ਦੇ ਹੁਕਮ ਦਿੱਤੇ ਗਏ ਸਨ। ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਬਰਨਬੀ ਨੇ ਕਿਹਾ ਕਿ ਦੇਸ਼ ਭਰ ’ਚ ਲੋਕ ਉਨ੍ਹਾਂ ਨੂੰ ਨਾਲ ਰੱਖਣਾ ਚਾਹੁੰਦੇ ਹਨ ਅਤੇ ਸਾਨੂੰ ਜਨਤਾ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਆਸਟ੍ਰੇਲੀਆ ਦੇ ਰਗਬੀ ਯੂਨੀਅਨ ਦੇ ਸਾਬਕਾ ਕੋਚ ਤੇ ਰੇਡੀਓ ਬ੍ਰਾਡਕਾਸਟਰ ਐਲਨ ਜੋਨਸ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨੀਤੀ ਸਖਤ ਰੱਖਣੀ ਜ਼ਰੂਰੀ ਹੈ ਤੇ ਇਹ ਪਰਿਵਾਰ ਜਿਨ੍ਹਾਂ ਸਥਿਤੀਆਂ ’ਚ ਆਇਆ ਹੈ, ਉਸ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ।

 
ਆਸਟ੍ਰੇਲੀਆ ’ਚ ਤਮਿਲ ਸ਼ਰਣਾਰਥੀ ਪ੍ਰੀਸ਼ਦ ਦੇ ਬੁਲਾਰੇ ਆਰਨ ਮਾਈਲਵਾਗਨਮ ਮੁਤਾਬਕ,‘‘ਪਰਿਵਾਰ ਨੂੰ ਸ਼੍ਰੀਲੰਕਾ ’ਚ ਜਾਨ ਦਾ ਖਤਰਾ ਹੈ। ਬਿਲੋਏਲਾ ਦੇ ਲੋਕਾਂ ਦਾ ਕਹਿਣਾ ਹੈ ਕਿ ਜੋੜਾ ਇੱਥੇ ਸ਼ਾਂਤੀ ਨਾਲ ਰਹਿ ਰਿਹਾ ਹੈ। ਦੋਹਾਂ ਬੱਚੀਆਂ ਦਾ ਜਨਮ ਇੱਥੇ ਹੋਇਆ ਹੈ। ਹਰ ਤਿਉਹਾਰ ਸਾਡੇ ਨਾਲ ਮਨਾਉਂਦੇ ਹਨ। ਜੋੜੇ ਨੇ ਕਦੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਪਰ ਸਾਡਾ ਦੇਸ਼ ਉਨ੍ਹਾਂ ਦੀ ਜ਼ਿੰਦਗੀ ਖਤਰੇ ’ਚ ਪਾ ਰਿਹਾ ਹੈ।’’ ਇਸ ਦੇ ਬਾਅਦ ਸੋਸ਼ਲ ਮੀਡੀਆ ’ਤੇ ‘ਲੈੱਟ ਸਟੇਅ’ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੇ ਬਾਅਦ ਪੂਰਾ ਦੇਸ਼ ਉਨ੍ਹਾਂ ਨਾਲ ਖੜ੍ਹਾ ਹੋ ਗਿਆ ਹੈ।