ਸੀਰੀਆ ਹਵਾਈ ਹਮਲਿਆਂ ''ਚ 8 ਬੱਚਿਆਂ ਸਣੇ 19 ਲੋਕਾਂ ਦੀ ਮੌਤ, ਦੇਖੋ ਤਸਵੀਰਾਂ

12/08/2019 1:59:10 AM

ਅਲ ਬਾਰਾ (ਸੀਰੀਆ), (ਏ.ਐਫ.ਪੀ.)- ਸੀਰੀਆ ਦੀ ਬਸ਼ਰ-ਅਲ-ਅਸਦ ਸਰਕਾਰ ਅਤੇ ਰੂਸ ਵਲੋਂ ਬਾਗੀਆਂ ਦੇ ਆਖਰੀ ਗੜ੍ਹ 'ਤੇ ਕੀਤੇ ਗਏ ਹਮਲੇ 'ਚ 8 ਬੱਚਿਆਂ ਸਣੇ 19 ਆਮ ਨਾਗਰਿਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਜੰਗ ਨਿਗਰਾਨੀਕਰਤਾ ਨੇ ਦਿੱਤੀ।

ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਜਿਹਾਦੀਆਂ ਵਲੋਂ ਪ੍ਰਸ਼ਾਸਤ ਇਦਲਿਬ ਦੇ ਪੱਛਮੀਉੱਤਰ ਇਲਾਕੇ 'ਤੇ ਕੀਤੇ ਗਏ ਹਵਾਈ ਹਮਲੇ ਵਿਚ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਹੋਏ ਹਨ। ਆਬਜ਼ਰਵੇਟਰੀ ਨੇ ਦੱਸਿਆ ਕਿ ਰੂਸੀ ਗਠਜੋੜ ਵਾਲੀ ਸਰਕਾਰ ਨੇ ਇਲਾਕੇ ਦੇ ਦੱਖਣ ਵਿਚ ਅਲ-ਬਾਰਾ ਪਿੰਡ 'ਤੇ ਹਮਲਾ ਕੀਤਾ, ਜਿਸ ਵਿਚ ਇਕ ਬੱਚੇ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਏ.ਐਫ.ਪੀ. ਦੇ ਪੱਤਰਕਾਰਾਂ ਨੇ ਦੇਖਿਆ ਕਿ ਬਚਾਅਕਰਮੀ ਮਲਬੇ ਵਿਚ ਤਬਦੀਲ ਹੋਈ ਦੋ ਮੰਜ਼ਿਲਾ ਇਮਾਰਤ ਤੋਂ ਜ਼ਖਮੀਆਂ ਨੂੰ ਬਾਹਰ ਕੱਢ ਰਹੇ ਸਨ।

ਆਬਜ਼ਰਵੇਟਰੀ ਮੁਤਾਬਕ ਅਲ-ਬਾਰਾ ਨੇੜੇ ਬਾਲਯੂਨ ਪਿੰਡ 'ਤੇ ਕੀਤੇ ਗਏ ਹਮਲੇ ਵਿਚ ਤਿੰਨ ਬੱਚਿਆਂ ਸਣੇ 9 ਲੋਕਾਂ ਦੀ ਮੌਤ ਹੋਈ। ਇਸੇ ਇਲਾਕੇ ਦੇ ਅਬਾਦੀਤਾ ਪਿੰਡ ਵਿਚ ਸਰਕਾਰੀ ਹੈਲੀਕਾਪਟਰ ਤੋਂ ਸੁੱਟੇ ਗਏ ਕਰੂਡ ਬੰਬ ਦੀ ਲਪੇਟ ਵਿਚ ਆਉਣ ਤੋਂ ਤਿੰਨ ਬੱਚਿਆਂ ਸਣੇ 5 ਲੋਕਾਂ ਦੀ ਮੌਤ ਹੋ ਗਈ। ਜੰਗ ਨਿਗਰਾਨੀਕਰਤੀ ਮੁਤਾਬਕ ਇਲਾਕੇ ਦੇ ਦੱਖਣੀ ਪੂਰਬ ਸਥਿਤ ਬਜਘਾਸ ਪਿੰਡ ਵਿਚ ਕੀਤੇ ਗਏ ਹਵਾਈ ਹਮਲੇ ਵਿਚ ਇਕ ਹੋਰ ਬੱਚੇ ਦੀ ਮੌਤ ਹੋਈ।

ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਬ੍ਰਿਟੇਨ ਤੋਂ ਸੰਚਾਲਿਤ ਹੁੰਦਾ ਹੈ ਅਤੇ ਸੀਰੀਆ ਵਿਚ ਮੌਜੂਦ ਭਰੋਸੇਮੰਦ ਸੂਤਰਾਂ ਰਾਹੀਂ ਜੰਗ 'ਤੇ ਨਜ਼ਰ ਰੱਖਦਾ ਹੈ। ਜ਼ਿਕਰਯੋਗ ਹੈ ਕਿ ਇਦਲਿਬ ਵਿਚ ਤਕਰੀਬਨ 30 ਲੱਖ ਲੋਕ ਰਹਿੰਦੇ ਹਨ ਜਿਨ੍ਹਾਂ ਵਿਚ ਸੀਰੀਅਨ ਘਰੇਲੂ ਜੰਗ ਤੋਂ ਪਲਾਇਨ ਕਰ ਚੁੱਕੇ ਲੋਕ ਵੀ ਸ਼ਾਮਲ ਹਨ ਅਤੇ ਇਸ ਇਲਾਕੇ 'ਤੇ ਸਾਬਕਾ ਵਿਚ ਅਲਕਾਇਦਾ ਨਾਲ ਸਬੰਧਿਤ ਰਹੇ ਬਾਗੀ ਸੰਗਠਨ ਦਾ ਕਬਜ਼ਾ ਹੈ।

Sunny Mehra

This news is Content Editor Sunny Mehra