ਰੂਸ ਪੁੱਜੇ ਅਜੀਤ ਡੋਭਾਲ, ਅੱਤਵਾਦ ਖਿਲਾਫ ਸਹਿਯੋਗ ਵਧਾਉਣ ''ਤੇ ਚਰਚਾ

08/22/2019 10:18:40 AM

ਮਾਸਕੋ— ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹਟਾਉਣ ਦੇ ਬਾਅਦ ਮੋਦੀ ਸਰਕਾਰ ਵਿਦੇਸ਼ ਨੀਤੀ ਦੇ ਮੋਰਚੇ 'ਤੇ ਕੋਈ ਅਣਗਹਿਲੀ ਨਹੀਂ ਵਰਤਣੀ ਚਾਹੁੰਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਲਗਾਤਾਰ ਵਿਦੇਸ਼ ਯਾਤਰਾਵਾਂ ਕਰ ਰਹੇ ਹਨ। ਇਸ ਦੌਰਾਨ ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਬੁੱਧਵਾਰ ਨੂੰ ਰੂਸ ਪੁੱਜੇ। ਉਨ੍ਹਾਂ ਨੇ ਰੂਸ ਦੇ ਦੌਰੇ ਦੀਆਂ ਤਿਆਰੀਆਂ 'ਤੇ ਵੀ ਚਰਚਾ ਕੀਤੀ। ਮੋਦੀ ਸਤੰਬਰ 'ਚ ਈਸਟਰਨ ਇਕੋਨਾਮਿਕ ਫੋਰਮ 'ਚ ਹਿੱਸਾ ਲੈਣ ਰੂਸ ਦੇ ਵਲਾਦੀਵੋਸਤੋਕ ਜਾਣਗੇ।

ਦੋਹਾਂ ਦੀ ਮੁਲਾਕਾਤ ਦੇ ਬਾਅਦ ਜਾਰੀ ਅਧਿਕਾਰਕ ਬਿਆਨ 'ਚ ਦੱਸਿਆ ਕਿ ਡੋਭਾਲ ਨੇ ਦੋਹਾਂ ਦੇਸ਼ਾਂ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਪ੍ਰੀਸ਼ਦਾਂ ਵਿਚਕਾਰ ਗਠਜੋੜ ਵਧਾਉਣ ਅਤੇ ਕਈ ਰਾਸ਼ਟਰੀ-ਕੌਮਾਂਤਰੀ ਮਸਲਿਆਂ 'ਤੇ ਚਰਚਾ ਕੀਤੀ। ਦੋਹਾਂ ਦੇਸ਼ਾਂ ਨੇ ਅੱਤਵਾਦ ਖਿਲਾਫ ਸਹਿਯੋਗ ਨੂੰ ਤੇਜ਼ ਕਰਨ 'ਤੇ ਜ਼ੋਰ ਦਿੱਤਾ ਹੈ। ਜੰਮੂ ਮਸਲੇ ਦਾ ਜ਼ਿਕਰ ਕਰਦੇ ਹੋਏ ਬਿਆਨ 'ਚ ਕਿਹਾ ਗਿਆ, ਦੋਵੇਂ ਦੇਸ਼ ਪ੍ਰਭੂਸੱਤਾ ਦੇ ਸਿਧਾਂਤ ਅਤੇ ਖੇਤਰੀ ਅਖੰਡਤਾ ਨੂੰ ਸਮਰਥਨ ਦੇਣ ਅਤੇ ਕਿਸੇ ਤੀਜੇ ਪੱਖ ਦੇ ਦਖਲ ਨੂੰ ਸਵਿਕਾਰ ਨਾ ਕਰਨ ਦੀ ਆਪਣੀ ਨੀਤੀ ਨੂੰ ਦੋਹਰਾਉਂਦੇ ਹਨ। ਡੋਭਾਲ ਨੇ ਪੁਲਾੜ ਦੇ ਖੇਤਰ ਅਤੇ ਭਾਰਤ ਦੇ ਮਹੱਤਵਪੂਰਣ 'ਗਗਨਯਾਨ ਅਭਿਆਨ' 'ਚ ਸਹਿਯੋਗ ਲਈ ਰੂਸ ਦੀਆਂ ਕੌਮਾਂਤਰੀ ਗਤੀਵਿਧੀਆਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਦਿਮਿਤਰੀ ਰੋਗੋਜਿਨ ਨਾਲ ਵੀ ਚਰਚਾ ਕੀਤੀ।