ਫਲਾਈਟ ਦੌਰਾਨ ਯਾਤਰੀ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ ਕਿ ਬਣਿਆ ਚਰਚਾ ਦਾ ਵਿਸ਼ਾ

02/15/2018 1:32:32 PM

ਨਿਊਯਾਰਕ (ਬਿਊਰੋ)— ਬੀਤੀ ਰਾਤ ਅਮਰੀਕਾ ਦੀ ਯੂਨਾਈਟਿਡ ਏਅਰਲਾਈਨਜ਼ ਦੀ ਇਕ ਫਲਾਈਟ ਦੀ ਐਮਰਜੈਂਸੀ ਲੈਡਿੰਗ ਕਰਵਾਈ ਗਈ। ਕਿਉਂਕਿ ਜਹਾਜ਼ ਦਾ ਇਕ ਇੰਜਣ ਟੁੱਟ ਕੇ ਥੱਲੇ ਡਿੱਗਣ ਲੱਗਾ ਸੀ। ਅਸਲ ਵਿਚ ਏਅਰਲਾਈਨਜ਼ ਦਾ 1175 ਜਹਾਜ਼ ਜਿਸ ਸਮੇਂ ਹਵਾ ਵਿਚ ਸੀ ਉਸ ਦੇ ਸੱਜੇ ਪਾਸੇ ਦੇ ਇੰਜਣ ਦਾ ਕੁਝ ਹਿੱਸਾ ਟੁੱਟ ਕੇ ਡਿੱਗ ਪਿਆ, ਜਿਸ ਕਾਰਨ ਜਹਾਜ਼ ਹਿੱਲਣ ਲੱਗਾ ਸੀ। ਇਸ ਖਤਰਨਾਕ ਅਤੇ ਭਿਆਨਕ ਸਥਿਤੀ ਨੂੰ ਦੇਖਦੇ ਹੋਏ ਹੋਨੇਲੂਲੂ ਹਵਾਈ ਅੱਡੇ 'ਤੇ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕਰਵਾਈ ਗਈ। ਸਮਾਂ ਰਹਿੰਦੇ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਫਲਾਈਟ ਵਿਚ ਜ਼ਿਆਦਾਤਰ ਯਾਤਰੀ ਇੰਜਣ ਦਾ ਕੁਝ ਹਿੱਸਾ ਡਿੱਗਦਾ ਦੇਖ ਕੇ ਕਾਫੀ ਡਰ ਗਏ ਸਨ ਪਰ ਇਕ ਯਾਤਰੀ ਅਜਿਹਾ ਵੀ ਸੀ, ਜੋ ਇਸ ਭਿਆਨਕ ਅਤੇ ਤਣਾਅਪੂਰਣ ਸਥਿਤੀ ਨੂੰ ਹਲਕਾ ਕਰਨ ਲਈ ਮਜਾਕੀਆ ਅੰਦਾਜ਼ ਵਿਚ ਸੋਸ਼ਲ ਮੀਡੀਆ 'ਤੇ ਇਸ ਸੰਬੰਧੀ ਜਾਣਕਾਰੀ ਅਪਲੋਡ ਕਰਦਾ ਰਿਹਾ।


ਗੂਗਲ ਦੇ ਇੰਜੀਨੀਅਰ ਐਰਿਕ ਹਦਾਦ ਨੇ ਟਵਿੱਟਰ 'ਤੇ ਜਹਾਜ਼ ਦੇ ਇੰਜਣ ਦੀਆਂ ਤਸਵੀਰਾਂ ਅਤੇ ਵੀਡੀਓ ਪੋਸਟ ਕੀਤੀ। ਐਰਿਕ ਨੇ ਜਹਾਜ਼ ਦੀ ਖਿੜਕੀ ਤੋਂ ਸੱਜੇ ਪਾਸੇ ਦੇ ਇੰਜਣ ਦੀ ਤਸਵੀਰ ਪੋਸਟ ਕੀਤੀ ਅਤੇ ਬਹੁਤ ਹੀ ਮਜਾਕੀਆ ਅੰਦਾਜ਼ ਵਿਚ ਟਵੀਟ ਕਰ ਕੇ ਕਿਹਾ,''ਮੈਂ ਦਸਤਾਵੇਜ਼ ਵਿਚ ਅਜਿਹਾ ਕੁਝ ਵੀ ਨਹੀਂ ਦੇਖ ਰਿਹਾ ਹਾਂ।'' ਤਸਵੀਰ ਵਿਚ ਜਹਾਜ਼ ਦੇ ਇੰਜਣ ਦਾ ਉੱਪਰੀ ਕਵਰ ਹਟਿਆ ਹੋਇਆ ਦਿੱਸ ਰਿਹਾ ਹੈ। ਕਵਰ ਹਟਣ ਕਾਰਨ ਇੰਜਣ ਦੇ ਅੰਦਰ ਦਾ ਹਿੱਸਾ ਸਾਫ ਦਿਖਾਈ ਦੇ ਰਿਹਾ ਹੈ। ਇਸ ਦੇ ਇਲਾਵਾ ਐਰਿਕ ਨੇ ਜਹਾਜ਼ ਵਿਚ ਦਿੱਤੀ ਜਾਣ ਵਾਲੀ ਉਡਾਣ ਸੁਰੱਖਿਆ ਦਸਤਾਵੇਜ਼ ਦੀਆਂ ਵੀ ਤਸਵੀਰਾਂ ਸ਼ੇਅਰ ਕੀਤੀਆਂ ਹਨ।


ਐਰਿਕ ਵੱਲੋਂ ਇਹ ਤਸਵੀਰ ਸ਼ੇਅਰ ਕੀਤੇ ਜਾਣ ਮਗਰੋਂ ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਆਪਣੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਮੀਡੀਆ ਵਾਲੇ ਵੀ ਐਰਿਕ ਦੇ ਪਿੱਛੇ ਪੈ ਗਏ ਹਨ। ਇਕ ਮੀਡੀਆ ਕਰਮਚਾਰੀ ਨੇ ਟਵੀਟ ਕਰ ਕੇ ਐਰਿਕ ਤੋਂ ਤਸਵੀਰ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਹੈ।