Air India ਪਾਇਲਟ ਯੂਨੀਅਨ 'ਚ ਕੋਰੋਨਾ ਵਾਇਰਸ ਦਾ ਖੌਫ, ਭਾਰਤੀਆਂ ਨੂੰ ਏਅਰਲਿਫਟ ਕਰਨ ਲਈ ਰੱਖੀ ਸ਼ਰਤ

01/30/2020 3:11:59 PM

ਮੁੰਬਈ — ਕੋਰੋਨਾ ਵਾਇਰਸ ਫੈਲਣ ਦੇ ਮੱਦੇਨਜ਼ਰ ਚੀਨ ਦੇ ਵੁਹਾਨ ਸ਼ਹਿਰ ਤੋਂ ਭਾਰਤੀਆਂ ਨੂੰ ਬਾਹਰ ਕੱਢਣ ਲਈ Air India ਦੁਆਰਾ ਉਡਾਣ ਚਲਾਉਣ ਦੀਆਂ ਤਿਆਰੀਆਂ ਵਿਚਕਾਰ, ਇਸ ਏਅਰ ਲਾਈਨ ਦੀ ਇਕ ਪਾਇਲਟ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਵਾਇਰਸ ਦੇ ਫੈਲਣ ਦਾ ਖ਼ਤਰਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲਿਆ ਜਾ ਸਕਦਾ। ਏਅਰ ਇੰਡੀਆ ਦੇ ਪ੍ਰਮੁੱਖ ਅਸ਼ਵਨੀ ਲੋਹਾਨੀ ਨੂੰ ਲਿਖੇ ਇਕ ਪੱਤਰ ਵਿਚ, 'ਇੰਡੀਅਨ ਪਾਇਲਟਸ ਗਿਲਡ (ਆਈਪੀਜੀ) ਨੇ ਕਿਹਾ ਹੈ ਕਿ ਇਹ ਮਿਸ਼ਨ ਆਮ ਬਚਾਅ ਅਤੇ ਰਾਹਤ ਕਾਰਜਾਂ ਤੋਂ ਬਹੁਤ ਵੱਖਰਾ ਹੋਵੇਗਾ ਅਤੇ ਨਵੀਆਂ ਚੁਣੌਤੀਆਂ ਦੇ ਨਾਲ-ਨਾਲ ਰੁਕਾਵਟਾਂ ਪੈਦਾ ਕਰੇਗਾ। ਇਸ ਪਾਇਲਟ ਯੂਨੀਅਨ 'ਚ ਲਗਭਗ 600 ਮੈਂਬਰ ਹਨ। ਏਅਰ ਇੰਡੀਆ ਨੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਚੀਨ ਦੇ ਹੁਬੇਈ ਸੂਬੇ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਦੋ ਉਡਾਣਾਂ ਚਲਾਉਣ ਦੀ ਤਿਆਰੀ ਕੀਤੀ ਹੈ। 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਚੀਨ ਸਰਕਾਰ ਤੋਂ ਇਨ੍ਹਾਂ ਦੋਵਾਂ ਉਡਾਣਾਂ ਸੰਚਾਲਨ ਦੀ ਆਗਿਆ ਮੰਗੀ ਗਈ ਹੈ। ਯੂਨੀਅਨ ਨੇ ਕਿਹਾ, 'ਇਸ ਸਥਿਤੀ ਦੀ ਗੁੰਝਲਦਾਰ ਅਤੇ ਖ਼ਤਰਨਾਕ ਸਥਿਤੀ ਨੂੰ ਵੇਖਦੇ ਹੋਏ, ਇਹ ਬਿਹਤਰ ਰਹੇਗਾ ਕਿ ਜਹਾਜ਼ ਦੇ ਚਾਲਕ ਦਲ ਦੇ ਨਾਲ ਇੰਜੀਨੀਅਰਿੰਗ, ਵਪਾਰਕ ਅਤੇ ਮੈਡੀਕਲ ਵਰਗੇ ਸਬੰਧਤ ਵਿਭਾਗਾਂ ਦੇ ਕੁਸ਼ਲ ਅਤੇ ਬਹੁਤ ਤਜ਼ਰਬੇਕਾਰ ਮੈਂਬਰ ਨਾਲ ਹੋਣ ਤਾਂ ਜੋ ਇਸ ਮਿਸ਼ਨ ਨੂੰ ਸੁਰੱਖਿਅਤ ਢੰਗ ਨਾਲ ਪੂਰਾ ਕਰਨ 'ਚ ਪੂਰੀ ਸਹਾਇਤਾ ਯਕੀਨੀ ਬਣ ਸਕੇ। ਜ਼ਿਕਰਯੋਗ ਹੈ ਕਿ”ਚੀਨ ਵਿਚ ਹੁਣ ਕੋਰੋਨਾ ਵਾਇਰਸ ਦੀ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਕੁੱਲ ਗਿਣਤੀ 170 ਹੋ ਚੁੱਕੀ ਹੈ ਅਤੇ ਇਸ ਨਾਲ ਜੁੜੇ 7,711 ਕੇਸ ਸਾਹਮਣੇ ਆ ਚੁੱਕੇ ਹਨ।
 


Related News