ਏਅਰ ਫਰਾਂਸ ਜਹਾਜ਼ ਦੀ ਕਰਾਈ ਐਮਰਜੰਸੀ ਲੈਂਡਿੰਗ, ਵਾਲ-ਵਾਲ ਬਚੇ ਯਾਤਰੀ

11/11/2018 9:33:21 PM

ਮਾਸਕੋ— ਏਅਰ ਫਰਾਂਸ ਦੇ ਪੈਰਿਸ ਤੋਂ ਸ਼ੰਘਾਈ ਜਾ ਰਹੇ ਜਹਾਜ਼ ਦੇ ਕੈਬਿਨ 'ਚ ਧੂੰਆਂ ਤੇ ਬਦਬੋ ਭਰ ਜਾਣ ਕਾਰਨ ਐਤਵਾਰ ਨੂੰ ਉਸ ਨੂੰ ਅਚਾਨਕ ਸਾਈਬੇਰੀਆ 'ਚ ਉਤਾਰਿਆ ਗਿਆ। ਜਹਾਜ਼ 'ਚ 282 ਯਾਤਰੀ ਸਵਾਰ ਸਨ। ਏਅਰ ਫਰਾਂਸ ਨੇ ਦੱਸਿਆ ਕਿ ਕਿਸੇ ਵੀ ਯਾਤਰੀ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ ਤੇ ਉਨ੍ਹਾਂ ਨੂੰ ਪੂਰਬੀ ਸਾਈਬੇਰੀਆ 'ਚ ਇਰਕੁਤਸਕ ਹਵਾਈ ਅੱਡੇ ਦੇ ਨੇੜੇ ਇਕ ਹੋਟਲ 'ਚ ਰੱਖਿਆ ਗਿਆ ਹੈ।

ਫਰਾਂਸ ਦੀ ਹਵਾਈ ਕੰਪਨੀ ਨੇ ਕਿਹਾ ਕਿ ਪੈਰਿਸ ਤੋਂ ਸ਼ੰਘਾਈ ਜਾ ਰਹੇ ਏ.ਐੱਫ.116 ਦੇ ਕਰੂ ਮੈਂਬਰਾਂ ਨੇ ਉਡਾਨ ਦੌਰਾਨ ਹਲਕਾ ਧੂੰਆਂ ਦਿਖਣ ਤੇ ਬਦਬੋ ਆਉਣ ਤੋਂ ਬਾਅਦ ਰੂਸ 'ਚ ਇਰਕੁਤਸਕ ਵੱਲ ਜਹਾਜ਼ ਮੋੜਨ ਦਾ ਫੈਸਲਾ ਲਿਆ। ਕੰਪਨੀ ਨੇ ਕਿਹਾ ਕਿ ਏਅਰ ਫਰਾਂਸ ਦੇ ਜਹਾਜ਼ ਨੇ ਪੈਰਿਸ ਸਮੇਂ ਮੁਤਾਬਕ 8:10 ਵਜੇ 'ਤੇ ਇਰਕੁਤਸਕ 'ਚ ਆਮ ਲੈਂਡਿੰਗ ਕੀਤੀ।

ਹਵਾਈ ਅੱਡੇ ਦੇ ਅਧਿਕਾਰੀਆਂ ਨੇ ਰੂਸੀ ਪੱਤਰਕਾਰ ਏਜੰਸੀਆਂ ਨੂੰ ਪੁਸ਼ਟੀ ਕੀਤੀ ਕਿ ਇਸ ਘਟਨਾ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ ਤੇ ਮਾਹਰਾਂ ਨੂੰ ਜਹਾਜ਼ ਦੀ ਜਾਂਚ ਲਈ ਹਵਾਈ ਅੱਡੇ 'ਤੇ ਭੇਜਿਆ ਗਿਆ ਹੈ। ਏਅਰ ਫਰਾਂਸ ਨੇ ਕਿਹਾ ਕਿ ਤਕਨੀਕੀ ਮਨਜ਼ੂਰੀ ਤੋਂ ਬਾਅਦ ਜਹਾਜ਼ ਸ਼ੰਘਾਈ ਲਈ ਉਡਾਨ ਜਾਰੀ ਕਰ ਸਕਦਾ ਹੈ।