ਰਾਹਤ ਦੀ ਖ਼ਬਰ! Air Canada ਦੀਆਂ ਉਡਾਣਾਂ ਬਹਾਲ ਹੋਣ ਦੀ ਸੰਭਾਵਨਾ

06/12/2021 8:36:06 PM

ਮਾਂਟਰੀਅਲ- ਵਿਸ਼ਵ ਭਰ ਵਿਚ ਮਹਾਮਾਰੀ ਦੇ ਮਾਮਲੇ ਘੱਟ ਹੋਣ ਮਗਰੋਂ ਹਵਾਈ ਆਵਾਜਾਈ ਸੁਚਾਰੂ ਹੋਣ ਲੱਗ ਪਈ ਹੈ। ਇਸੇ ਦੇ ਮੱਦੇਨਜ਼ਰ ਕੈਨੇਡਾ ਦੀ ਸਭ ਤੋਂ ਵੱਡੀ ਹਵਾਈ ਕੰਪਨੀ 'ਏਅਰ ਕੈਨੇਡਾ' ਨੇ ਆਪਣੇ ਉਨ੍ਹਾਂ 2600 ਮੁਲਾਜ਼ਮਾਂ ਨੂੰ ਵਾਪਸ ਸੱਦਣ ਦੀ ਤਿਆਰੀ ਕਰ ਲਈ ਹੈ, ਜਿਨ੍ਹਾਂ ਨੂੰ ਤਾਲਾਬੰਦੀ ਵਿਚ ਹਵਾਈ ਆਵਾਜਾਈ ਬੰਦ ਹੋਣ ਕਾਰਨ ਜ਼ਬਰੀ ਛੁੱਟੀ ’ਤੇ ਭੇਜ ਦਿੱਤਾ ਗਿਆ ਸੀ। ਕੰਪਨੀ ਇਨ੍ਹਾਂ ਮੁਲਾਜ਼ਮਾਂ ਨੂੰ ਜੂਨ ਅਤੇ ਜੁਲਾਈ ਵਿਚ ਪੜਾਵਾਂ ਵਿਚ ਨੌਕਰੀ 'ਤੇ ਵਾਪਸ ਸੱਦੇਗੀ। ਕੰਪਨੀ ਉਡਾਣਾਂ ਵੀ ਬਹਾਲ ਕਰਨ ਦੀ ਤਿਆਰੀ ਵਿਚ ਹੈ।

ਕੈਨੇਡਾ ਸਰਕਾਰ ਯਾਤਰਾ ਪਾਬੰਦੀਆਂ ਵਿਚ ਰਾਹਤ ਦਿੰਦੀ ਹੈ ਤਾਂ ਹਵਾਈ ਕੰਪਨੀ 'ਏਅਰ ਕੈਨੇਡਾ' 22 ਜੂਨ ਤੋਂ ਬਾਅਦ ਭਾਰਤ ਲਈ ਉਡਾਣਾਂ ਬਹਾਲ ਕਰ ਸਕਦੀ ਹੈ। ਇਸ ਤੋਂ ਪਹਿਲਾਂ ਏਅਰ ਕੈਨੇਡਾ ਤੇ ਏਅਰ ਇੰਡੀਆ ਦੋਵੇਂ ਕੈਨੇਡੀਅਨ ਸ਼ਹਿਰਾਂ ਟੋਰਾਂਟੋ ਤੇ ਵੈਨਕੂਵਰ ਅਤੇ ਨਵੀਂ ਦਿੱਲੀ ਵਿਚਕਾਰ ਲਗਭਗ ਰੋਜ਼ਾਨਾ ਉਡਾਣਾਂ ਚਲਾ ਰਹੀਆਂ ਸਨ।

ਇਹ ਵੀ ਪੜ੍ਹੋ- ਰਾਜਸਥਾਨ 'ਚ ਡੀਜ਼ਲ 100 ਰੁ: ਹੋਇਆ, ਪੰਜਾਬ 'ਚ ਵੀ ਲੱਗਣ ਵਾਲਾ ਹੈ ਝਟਕਾ

'ਏਅਰ ਕੈਨੇਡਾ' ਦੇ ਬੁਲਾਰੇ ਪੀਟਰ ਫਿਟਜ਼ਪੈਟ੍ਰਿਕ ਨੇ ਕਿਹਾ ਕਿ ਕੋਰੋਨਾ ਮਾਮਲੇ ਘੱਟ ਰਹੇ ਹਨ, ਟੀਕਾਕਰਨ ਦੀ ਰਫ਼ਤਾਰ ਵਧੀ ਹੈ ਅਤੇ ਸਰਕਾਰਾਂ ਵੀ ਬੰਦਸ਼ਾਂ ਘਟਾ ਰਹੀਆਂ ਹਨ। ਇਸ ਲਈ ਕੰਪਨੀ ਮੁਲਾਜ਼ਮਾਂ ਨੂੰ ਵਾਪਸ ਸੱਦ ਰਹੀ ਹੈ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਮੁਲਾਜ਼ਮਾਂ ਦੀ ਵਾਪਸੀ ਕੰਪਨੀ ਵੱਲੋਂ ਦੁਬਾਰਾ ਨੈੱਟਵਰਕ ਦਾ ਵਿਸਥਾਰ ਕਰਨ ਅਤੇ ਯਾਤਰਾ ਦੀ ਮੰਗ ਨੂੰ ਪੂਰੀ ਕਰਨ ਦੀ ਯੋਜਨਾ ਦਾ ਹਿੱਸਾ ਹੈ। ਪਿਛਲੇ ਸਾਲ ਮਾਰਚ ਵਿਚ ਸ਼ੁਰੂ ਹੋਈ ਮਹਾਮਾਰੀ ਦੀ ਵਜ੍ਹਾ ਨਾਲ ਯਾਤਰਾ ਪਾਬੰਦੀਆਂ ਲੱਗਣ ਦੇ ਮੱਦੇਨਜ਼ਰ ਕੰਪਨੀ ਨੇ ਹਜ਼ਾਰਾਂ ਮੁਲਾਜ਼ਮਾਂ ਦੀ ਛਾਂਟੀ ਕਰਕੇ ਘਰਾਂ ਨੂੰ ਭੇਜ ਦਿੱਤਾ ਸੀ। ਰਿਪੋਰਟਾਂ ਮੁਤਾਬਕ, ਏਅਰ ਕੈਨੇਡਾ ਦੁਨੀਆ ਭਰ ਦੀਆਂ ਮੰਜ਼ਿਲਾਂ ਲਈ ਕਈ ਰੂਟਾਂ ਨੂੰ ਬਹਾਲ ਕਰਨ ਲਈ ਹੁਣ ਤਿਆਰ ਹੈ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਹੋ ਜਾਓ ਤਿਆਰ, ਸੋਮਵਾਰ ਤੋਂ ਖੁੱਲ੍ਹ ਰਹੇ ਨੇ ਇਹ ਚਾਰ ਆਈ. ਪੀ. ਓ.

Sanjeev

This news is Content Editor Sanjeev