ਪੰਜਾਬੀਆਂ ਦਾ ਕੈਨੇਡਾ ਜਾਣਾ ਹੋਇਆ ਹੁਣ ਹੋਰ ਵੀ ਸੌਖਾ! (ਤਸਵੀਰਾਂ)

10/22/2016 3:51:13 PM

ਵੈਨਕੂਵਰ— ਏਅਰ ਕੈਨੇਡਾ ਨੇ ਵੀਰਵਾਰ ਰਾਤ ਨੂੰ ਵੈਨਕੂਵਰ ਤੋਂ ਦਿੱਲੀ ਤੱਕ ਸਿੱਧੀ ਫਲਾਈਟ ਦੀ ਸ਼ੁਰੂਆਤ ਕਰ ਦਿੱਤੀ ਹੈ। ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਕੈਨੇਡਾ ਤੋਂ ਭਾਰਤ ਅਤੇ ਭਾਰਤ ਤੋਂ ਕੈਨੇਡਾ ਜਾਣਾ ਹੁਣ ਬੇਹੱਦ ਸੌਖਾ ਹੋ ਗਿਆ ਹੈ ਅਤੇ ਇਸ ਵਿਚ ਪਹਿਲਾਂ ਦੀ ਤੁਲਨਾ ਵਿਚ ਘੱਟ ਸਮਾਂ ਲੱਗੇਗਾ। ਇਸ ਦਾ ਸਿੱਧਾ ਲਾਭ ਹਜ਼ਾਰਾਂ ਭਾਰਤੀਆਂ ਖਾਸ ਤੌਰ ''ਤੇ ਪੰਜਾਬੀਆਂ ਨੂੰ ਹੋਵੇਗਾ। ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ ਅਤੇ ਪੰਜਾਬ ਦੇ ਗੱਭਰੂ ਕੈਨੇਡਾ ਦੀ ਉਡਾਣ ਭਰਨ ਲਈ ਤਿਆਰ ਰਹਿੰਦੇ ਹਨ ਅਤੇ ਇਸ ਸੁਪਨੇ ਨੂੰ ਪੂਰਾ ਕਰਨ ਵਿਚ ਫਲਾਈਟ ਦਾ ਸਮਾਂ ਹੋਰ ਦੇਰੀ ਨਹੀਂ ਕਰੇਗਾ। ਇਹ ਕੈਨੇਡਾ ਤੋਂ ਭਾਰਤ ਤੱਕ ਜਾਣ ਵਾਲੀ ਪਹਿਲੀ ਨਾਨ ਸਟਾਪ ਫਲਾਈਟ ਹੈ। ਏਅਰ ਕੈਨੇਡਾ ਦੇ ਅਧਿਕਾਰੀਆਂ ਨੇ ਕਿਹਾ ਕਿ ਦੀਵਾਲੀ ਮੌਕੇ ਇਹ ਸੇਵਾ ਸ਼ੁਰੂ ਕਰਦੇ ਉਨ੍ਹਾਂ ਨੂੰ ਕਾਫੀ ਖੁਸ਼ੀ ਹੋ ਰਹੀ ਹੈ। ਵੈਨਕੂਵਰ ਤੋਂ ਦਿੱਲੀ ਸਿੱਧੀ ਫਲਾਈਟ ਨਾਲ ਇਸ ਸਫਰ ਵਿਚ ਲੱਗਣ ਵਾਲੇ 8 ਵਧੇਰੇ ਘੰਟੇ ਬਚਾਏ ਜਾ ਸਕਣਗੇ। ਵੈਨਕੂਵਰ ਏਅਰਪੋਰਟ ਤੋਂ ਭੰਗੜੇ ਨਾਲ ਨੱਚਦੇ-ਟੱਪਦੇ ਹੋਏ ਇਸ ਫਲਾਈਟ ਦੀ ਸ਼ੁਰੂਆਤ ਕੀਤੀ ਗਈ।
ਇਸ ਫਲਾਈਟ ਨੂੰ ਭਾਰਤ ਦੇ ਰੰਗ ਵਿਚ ਪੂਰੀ ਤਰ੍ਹਾਂ ਰੰਗਣ ਲਈ ਇਸ ਵਿਚ ਭਾਰਤੀ ਪਕਵਾਨ ਗਾਹਕਾਂ ਲਈ ਪਰੋਸੇ ਜਾਣਗੇ, ਜਿਨ੍ਹਾਂ ਨੂੰ ਵੈਨਕੂਵਰ ਦੇ ਸ਼ੈੱਫ ਵਿਕਰਮ ਵਿਜ ਵੱਲੋਂ ਤਿਆਰ ਕੀਤਾ ਜਾਵੇਗਾ। ਯਾਤਰੀਆਂ ਦੇ ਮਨੋਰੰਜਨ ਲਈ ਫਲਾਈਟ ਵਿਚ ਬਾਲੀਵੁੱਡ ਗੀਤ-ਸੰਗੀਤ ਵਜਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਭਾਈਚਾਰੇ ਵੱਲੋਂ ਚਿਰਾਂ ਤੋਂ ਕੈਨੇਡਾ ਤੋਂ ਭਾਰਤ ਤੱਕ ਸਿੱਧੀ ਫਲਾਈਟ ਦੀ ਮੰਗ ਕੀਤੀ ਜਾ ਰਹੀ ਸੀ। ਇਸ ਸਿੱਧੀ ਫਲਾਈਟ ਦੀ ਸ਼ੁਰੂਆਤ ਨਾਲ ਕੈਨੇਡਾ ਅਤੇ ਭਾਰਤ ਦੇ ਸੱਭਿਆਚਾਰਕ ਅਤੇ ਵਪਾਰਕ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ''ਬੀ. ਸੀ.-ਭਾਰਤ ਬਿਜ਼ਨੈੱਸ ਨੈੱਟਵਰਕ'' ਏਅਰ ਕੈਨੇਡਾ ਦੀ ਇਸ ਨਵੀਂ ਫਲਾਈਟ ਕਾਰਨ ਪੱਬਾਂ ਭਾਰ ਹੈ। ਵੈਨਕੂਵਰ ਤੋਂ ਦਿੱਲੀ ਦੀ ਫਲਾਈਟ ਲਈ ਬੋਇੰਗ 787-9 ਡਰੀਮਲਾਈਨਰਜ਼ ਜਹਾਜ਼ ਇਸਤੇਮਾਲ ਹੋਣਗੇ। ਵੈਨਕੂਵਰ ਤੋਂ ਪਹਿਲੀ ਫਲਾਈਟ ਸ਼ਨੀਵਾਰ ਸਵੇਰ ਨੂੰ ਦਿੱਲੀ ਪਹੁੰਚ ਚੁੱਕੀ ਹੈ, ਜਿਸ ਕਾਰਨ ਲੋਕਾਂ ਵਿਚ ਭਾਰੀ ਉਤਸ਼ਾਹ ਹੈ।  

Kulvinder Mahi

This news is News Editor Kulvinder Mahi