ਜਹਾਜ਼ ''ਚ ਤਕਨੀਕੀ ਖਰਾਬੀ ਕਾਰਨ ਘਬਰਾ ਗਏ ਲੋਕ, ਇਕ-ਦੂਜੇ ਨੂੰ ਕਹਿਣ ਲੱਗੇ ''ਅਲਵਿਦਾ''

10/15/2017 4:02:16 PM

ਪਰਥ— ਏਅਰ ਏਸ਼ੀਆ ਦਾ ਜਹਾਜ਼ ਪਰਥ ਤੋਂ ਬਾਲੀ ਜਾ ਰਿਹਾ ਸੀ ਕਿ ਜਹਾਜ਼ 'ਚ ਤਕਨੀਕੀ ਖਰਾਬੀ ਆ ਗਈ। ਇਹ ਜਹਾਜ਼ ਪਰਥ ਹਵਾਈ ਅੱਡੇ 'ਤੇ ਵਾਪਸ ਮੁੜਿਆ, ਜਹਾਜ਼ ਨੂੰ ਉਡਾਣ ਭਰਿਆ ਅਜੇ 25 ਮਿੰਟ ਹੀ ਹੋਏ ਸਨ ਅਤੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਕੈਬਿਨ 'ਚ ਪ੍ਰੈੱਸ਼ਰ ਘੱਟ ਹੋਣ ਕਾਰਨ ਤਕਨੀਕੀ ਖਰਾਬੀ ਆ ਗਈ ਹੈ, ਜਿਸ ਕਾਰਨ ਉਨ੍ਹਾਂ ਨੇ ਆਕਸੀਜਨ ਮਾਸਕ ਯਾਤਰੀਆਂ ਨੂੰ ਦਿੱਤੇ। 


ਜਦੋਂ ਯਾਤਰੀਆਂ ਨੂੰ ਮਾਸਕ ਦਿੱਤੇ ਗਏ ਤਾਂ ਉਹ ਡਰ ਗਏ ਕਿ ਕੁਝ ਭਿਆਨਕ ਹੋਣ ਵਾਲਾ ਹੈ। ਯਾਤਰੀ ਸੋਚਣ ਲੱਗ ਪਏ ਕਿ ਉਹ ਮਰਨ ਵਾਲੇ ਹਨ। ਕੁਝ ਯਾਤਰੀਆਂ ਨੇ ਆਪਣੇ ਮੋਬਾਈਲ ਫੋਨ 'ਤੇ ਪਰਿਵਾਰ ਨੂੰ ਮੈਸੇਜ ਵੀ ਕਰ ਦਿੱਤੇ। ਜਹਾਜ਼ 'ਚ ਸਵਾਰ ਯਾਤਰੀ ਇਕ-ਦੂਜੇ ਨੂੰ ਅਲਵਿਦਾ ਕਹਿਣ ਲੱਗ ਪਏ। ਸਾਰੇ ਯਾਤਰੀ ਡਰੇ ਹੋਏ ਸਨ। ਹਰ ਕੋਈ ਇਹ ਕਹਿਣ ਲੱਗਾ ਕਿ ਸ਼ਾਇਦ ਹੁਣ ਅਸੀਂ ਨਹੀਂ ਬਚਾਂਗੇ। ਜਹਾਜ਼ ਦੀ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕੀਤੀ ਗਈ, ਜਹਾਜ਼ 'ਚ 145 ਯਾਤਰੀ ਸਵਾਰ ਸਨ। ਏਅਰ ਏਸ਼ੀਆ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਪਰਥ ਹਵਾਈ ਅੱਡੇ 'ਤੇ ਜਹਾਜ਼ ਦੀ ਜਾਂਚ ਕੀਤੀ ਗਈ। ਏਅਰ ਏਸ਼ੀਆ ਨੇ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜ਼ੀਹ ਹੈ।