ਆਗਾ ਖਾਨ ਟਰਿੱਪ : ਟਰੂਡੋ ਤੇ ਕੈਰੀ ਨੇ ਕੀਤੀ ਸੀ ਟਰੰਪ ਪ੍ਰਸ਼ਾਸਨ ਬਾਰੇ ਗੱਲਬਾਤ

01/20/2018 5:30:55 AM

ਓਟਾਵਾ — ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ 2016 ਦੇ ਆਖਿਰ 'ਚ ਜਦੋਂ ਉਹ ਅਤੇ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਜੌਹਨ ਕੈਰੀ ਆਗਾ ਖਾਨ ਦੇ ਪ੍ਰਾਈਵੇਟ ਟਾਪੂ 'ਤੇ ਛੁੱਟੀਆਂ ਕੱਟ ਰਹੇ ਸਨ ਤਾਂ ਉਨ੍ਹਾਂ ਨੇ ਸੱਤਾ 'ਚ ਆਉਣ ਜਾ ਰਹੇ ਟਰੰਪ ਪ੍ਰਸ਼ਾਸਨ ਅਤੇ ਆਉਣ ਵਾਲੇ ਸਮੇਂ 'ਚ ਵਿਸ਼ਵ ਦੀ ਹਾਲਤ ਬਾਰੇ ਵਿਚਾਰ ਕੀਤਾ ਸੀ।
ਇਕ ਇੰਟਰਵਿਊ 'ਚ ਟਰੂਡੋ ਨੇ ਕੈਰੀ ਨਾਲ ਹੋਈ ਆਪਣੀ ਉਸ ਗੱਲਬਾਤ ਬਾਰੇ ਜ਼ਿਕਰ ਕੀਤਾ। ਟਰੂਡੋ ਮੁਤਾਬਕ ਕੈਰੀ ਨਾਲ ਇਹ ਸਿੱਧੀ ਗੱਲਬਾਤ ਉਸ ਦੌਰਾਨ ਹੋਈ ਜਦੋਂ ਪ੍ਰਧਾਨ ਮੰਤਰੀ ਆਪਣੇ ਪਰਿਵਾਰ ਸਮੇਤ ਇਸ ਵਿਵਾਦਗ੍ਰਸਤ ਦੌਰੇ 'ਤੇ ਗਏ ਸਨ। ਕੈਰੀ ਵੀ ਉਸ ਸਮੇਂ ਰੂਹਾਨੀ ਆਗੂ ਦੇ ਬਹਾਮਾਸ ਸਥਿਤ ਟਾਪੂ 'ਤੇ ਪਹੁੰਤੇ ਹੋਏ ਸਨ।
ਦਸੰਬਰ 'ਚ ਫੈਡਰਲ ਐਥਿਕਸ ਕਮਿਸ਼ਨਰ ਨੇ ਆਖਿਆ ਕਿ ਟਰੂਡੋ ਵੱਲੋਂ ਸਮਾਂ ਰਹਿੰਦਿਆਂ ਇਸ ਦੌਰੇ ਲਈ ਉਨ੍ਹਾਂ ਦੀ ਮਨਜ਼ੂਰੀ ਲਏ ਬਿਨਾਂ ਹੀ ਇਸ ਟਾਪੂ 'ਤੇ ਜਾ ਕੇ ਕਾਨਫਲਿਕਟ ਆਫ ਇੰਟਰਸਟ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਮੈਰੀ ਡਾਅਸਨ ਨੇ ਆਪਣੀ ਰਿਪੋਰਟ 'ਚ ਕਿਸੇ ਅਮਰੀਕੀ ਅਧਿਕਾਰੀ, ਜੋ ਕਿ ਸਾਬਕਾ ਸਰਕਾਰ 'ਚ ਮੰਤਰੀ ਸੀ, ਦੇ ਟਰੂਡੋ ਦੇ ਦੌਰੇ ਦੌਰਾਨ ਟਾਪੂ 'ਤੇ ਮੌਜੂਦ ਹੋਣ ਦੀ ਗੱਲ ਵੀ ਕਹੀ ਸੀ। ਬਾਅਦ 'ਚ ਟਰੂਡੋ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹ ਸ਼ਖਸ ਕੋਈ ਹੋਰ ਨਹੀਂ ਸਗੋਂ ਕੈਰੀ ਸੀ। 
ਜ਼ਿਕਰਯੋਗ ਹੈ ਕਿ ਆਪਣੇ ਇਸ ਖਾਸ ਦੌਰੇ 'ਤੇ ਜਾਣ ਤੋਂ ਕੁੱਝ ਦਿਨ ਪਹਿਲਾਂ ਜਾਂ ਕੁਝ ਹਫਤੇ ਪਹਿਲਾਂ ਟਰੂਡੋ ਨੂੰ ਇਹ ਪਤਾ ਲੱਗ ਗਿਆ ਸੀ ਕਿ ਕੈਰੀ ਦੇ ਵੀ ਉੱਥੇ ਹੋਣ ਦੀ ਪੂਰੀ ਸੰਭਾਵਨਾ ਹੈ। ਟਰੂਡੋ ਨੇ ਕਿਹਾ ਕਿ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਨਾਲ ਸਮਾਂ ਬਿਤਾਉਣ ਦਾ ਮੌਕਾ ਉਨ੍ਹਾਂ ਲਈ ਕਮਾਲ ਦਾ ਸੀ ਪਰ ਦੋਹਾਂ ਆਗੂਆਂ ਵਿਚਾਲੇ ਗੱਲਬਾਤ ਦੁਨੀਆ ਭਰ ਦੇ ਆਮ ਹਾਲਾਤ ਬਾਰੇ ਹੀ ਹੋਈ। ਇਸ ਤੋਂ ਇਲਾਵਾ ਦੋਹਾਂ ਆਗੂਆਂ ਨੇ ਅਮਰੀਕਾ ਦੇ ਨਵੇਂ ਪ੍ਰਸ਼ਾਸਨ ਬਾਰੇ ਵੀ ਗੱਲਬਾਤ ਕੀਤੀ। ਭਾਵੇਂ ਟਰੂਡੋ ਦੇ ਇਸ ਟਰਿੱਪ ਨੂੰ ਸਾਲ ਹੋ ਚੁੱਕਿਆ ਹੈ ਪਰ ਵਿਰੋਧੀ ਧਿਰ ਅਜੇ ਵੀ ਇਸ ਮਾਮਲੇ ਨੂੰ ਛੱਡਣ ਦਾ ਨਾਂ ਨਹੀਂ ਲੈ ਰਹੇ।