ਆਗਾ ਖਾਨ ਮਿਊਜ਼ੀਅਮ ਨੇ ਹਟਾਈ ਡਾਕੂਮੈਂਟਰੀ ਫਿਲਮ 'ਕਾਲੀ', ਹਿੰਦੂਆਂ ਨੂੰ ਠੇਸ ਪਹੁੰਚਾਉਣ 'ਤੇ ਪ੍ਰਗਟਾਇਆ ਅਫਸੋਸ

07/06/2022 5:10:21 PM

ਟੋਰਾਂਟੋ (ਭਾਸ਼ਾ)- ਆਗਾ ਖਾਨ ਮਿਊਜ਼ੀਅਮ ਨੇ ਕਿਹਾ ਹੈ ਕਿ ਉਹ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ‘ਡੂੰਘਾ ਅਫਸੋਸ’ ਪ੍ਰਗਟ ਕਰਦਾ ਹੈ ਅਤੇ ਭਾਰਤੀ ਮਿਸ਼ਨ ਵੱਲੋਂ ਵਿਵਾਦਿਤ ਫਿਲਮ ਤੋਂ ਸਾਰੀਆਂ ‘ਇਤਰਾਜ਼ਯੋਗ ਸਮੱਗਰੀ’ ਹਟਾਉਣ ਦੀ ਬੇਨਤੀ ਦਾ ਪਾਲਣ ਕਰਦਿਆਂ ਦਸਤਾਵੇਜ਼ੀ ਫਿਲਮ 'ਕਾਲੀ' ਹਟਾ ਦਿੱਤੀ ਗਈ ਹੈ। ਟੋਰਾਂਟੋ-ਅਧਾਰਤ ਫਿਲਮ ਨਿਰਮਾਤਾ ਲੀਨਾ ਮਨੀਮੇਕਲਾਈ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਆਪਣੀ ਦਸਤਾਵੇਜ਼ੀ ਫਿਲਮ "ਕਾਲੀ" ਦਾ ਪੋਸਟਰ ਸਾਂਝਾ ਕੀਤਾ, ਜਿਸ ਵਿੱਚ ਦੇਵੀ ਕਾਲੀ ਨੂੰ ਸਿਗਰਟ ਪੀਂਦੇ ਅਤੇ ਉਸਦੇ ਹੱਥ ਵਿੱਚ ਇੱਕ LGBTQ ਝੰਡਾ ਫੜਿਆ ਹੋਇਆ ਦਿਖਾਇਆ ਗਿਆ ਸੀ। 

ਪੋਸਟਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੈਸ਼ਟੈਗ 'ਅਰੇਸਟ ਲੀਨਾ ਮਨੀਮਕਲਾਈ' ਦੇ ਨਾਲ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ। ਦੋਸ਼ ਲਗਾਇਆ ਗਿਆ ਕਿ ਫਿਲਮ ਨਿਰਮਾਤਾ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। 'ਗਊ ਮਹਾਸਭਾ' ਨਾਂ ਦੇ ਸਮੂਹ ਦੇ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਟਵਿੱਟਰ 'ਤੇ ਹੰਗਾਮੇ 'ਤੇ ਪ੍ਰਤੀਕਿਰਿਆ ਕਰਦੇ ਹੋਏ ਮਿਊਜ਼ੀਅਮ ਨੇ ਇਕ ਬਿਆਨ ਵਿਚ ਕਿਹਾ ਕਿ ਉਹ "ਅਣਜਾਣੇ ਵਿਚ ਹਿੰਦੂ ਅਤੇ ਹੋਰ ਧਾਰਮਿਕ ਭਾਈਚਾਰਿਆਂ ਦੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਬਹੁਤ ਅਫਸੋਸ ਕਰਦਾ ਹੈ।" ਮੰਗਲਵਾਰ ਨੂੰ ਬਿਆਨ ਵਿੱਚ ਕਿਹਾ ਗਿਆ ਕਿ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਵਿਭਿੰਨ ਨਸਲੀ ਅਤੇ ਸੱਭਿਆਚਾਰਕ ਪਿਛੋਕੜ ਵਾਲੇ ਵਿਦਿਆਰਥੀਆਂ ਦੇ ਕੰਮਾਂ ਨੂੰ ਇਕੱਠਾ ਕੀਤਾ, ਹਰੇਕ ਵਿਦਿਆਰਥੀ 'ਅੰਡਰ ਦ ਟੈਂਟ' ਪ੍ਰੋਜੈਕਟ ਲਈ ਕੈਨੇਡੀਅਨ ਬਹੁ-ਸੱਭਿਆਚਾਰਵਾਦ ਦੇ ਹਿੱਸੇ ਵਜੋਂ ਆਪਣੀ ਵਿਅਕਤੀਗਤ ਭਾਵਨਾ ਦੀ ਖੋਜ ਕਰ ਰਿਹਾ ਹੈ।" 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਐਸਟਰਾਜ਼ੇਨੇਕਾ ਵੈਕਸੀਨ ਦੀਆਂ 1 ਕਰੋੜ ਤੋਂ ਵਧੇਰੇ ਖੁਰਾਕਾਂ ਕਰੇਗਾ ਨਸ਼ਟ, ਜਾਣੋ ਵਜ੍ਹਾ

ਮਿਊਜ਼ੀਅਮ ਨੇ ਕਿਹਾ ਕਿ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਪ੍ਰੋਜੈਕਟ ਪੇਸ਼ਕਾਰੀ 2 ਜੁਲਾਈ, 2022 ਨੂੰ ਆਗਾ ਖਾਨ ਮਿਊਜ਼ੀਅਮ ਵਿੱਚ ਕਲਾ ਦੁਆਰਾ ਅੰਤਰ-ਸੱਭਿਆਚਾਰਕ ਸਮਝ ਅਤੇ ਸੰਵਾਦ ਨੂੰ ਉਤਸ਼ਾਹਿਤ ਕਰਨ ਦੇ ਮਿਊਜ਼ੀਅਮ ਦੇ ਮਿਸ਼ਨ ਦੇ ਤਹਿਤ ਆਯੋਜਿਤ ਕੀਤੀ ਗਈ ਸੀ। ਬਿਆਨ ਵਿਚ ਕਿਹਾ ਗਿਆ ਕਿ ਇਹ ਪੇਸ਼ਕਾਰੀ ਹੁਣ ਮਿਊਜ਼ੀਅਮ ਵਿਚ ਪ੍ਰਦਰਸ਼ਿਤ ਨਹੀਂ ਹੈ।ਇਸ ਵਿਚ ਕਿਹਾ ਗਿਆ ਹੈ ਕਿ ਮਿਊਜ਼ੀਅਮ ਨੂੰ ਡੂੰਘਾ ਅਫਸੋਸ ਹੈ ਕਿ 'ਅੰਡਰ ਦ ਟੇਂਟ' ਦੇ 18 ਲਘੂ ਵੀਡੀਓ ਵਿਚੋਂ ਇਕ ਅਤੇ ਇਸ ਦੇ ਨਾਲ ਸੋਸ਼ਲ ਮੀਡੀਆ ਪੋਸਟ ਨੇ ਅਣਜਾਣੇ ਵਿਚ ਹਿੰਦੂ ਅਤੇ ਹੋਰ ਧਾਰਮਿਕ ਭਾਈਚਾਰਿਆਂ ਦੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮਿਊਜ਼ੀਅਮ ਦੀ ਪ੍ਰਤੀਕਿਰਿਆ ਓਟਾਵਾ ਸਥਿਤ ਹਾਈ ਕਮਿਸ਼ਨ ਵੱਲੋਂ ਸੋਮਵਾਰ ਨੂੰ ਇਹ ਕਹੇ ਜਾਣ ਦੇ ਬਾਅਦ ਆਈ ਕਿ ਉਸ ਨੂੰ ਕੈਨੇਡਾ ਵਿਚ ਹਿੰਦੂ ਭਾਈਚਾਰੇ ਦੇ ਨੇਤਾਵਾਂ ਤੋਂ ਇਹ ਸ਼ਿਕਾਇਤ ਮਿਲੀ ਹੈ ਕਿ ਟੋਰਾਂਟੋ ਵਿਚ ਆਗਾ ਖਾਨ ਮਿਊਜ਼ੀਅਮ ਵਿਚ 'ਅੰਡਰ ਦ ਟੇਂਟ' ਪ੍ਰਾਜੈਕਟ ਦੇ ਤਹਿਤ ਫਿਲਮ ਦੇ ਪੋਸਟਰ ਵਿੱਚ "ਹਿੰਦੂ ਦੇਵੀ-ਦੇਵਤਿਆਂ ਦੇ ਅਪਮਾਨਜਨਕ ਚਿੱਤਰਣ" ਨੂੰ ਦਿਖਾਇਆ ਗਿਆ ਹੈ। 

ਬਿਆਨ ਵਿੱਚ ਕਿਹਾ ਗਿਆ ਕਿ ਟੋਰਾਂਟੋ ਵਿੱਚ ਸਾਡੇ ਕੌਂਸਲੇਟ ਜਨਰਲ ਨੇ ਸਮਾਗਮ ਦੇ ਪ੍ਰਬੰਧਕਾਂ ਨੂੰ ਇਹ ਚਿੰਤਾਵਾਂ ਦੱਸ ਦਿੱਤੀਆਂ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਹਿੰਦੂ ਸੰਗਠਨਾਂ ਨੇ ਕਾਰਵਾਈ ਕਰਨ ਲਈ ਕੈਨੇਡਾ ਦੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ। ਅਸੀਂ ਕੈਨੇਡੀਅਨ ਅਧਿਕਾਰੀਆਂ ਅਤੇ ਸਮਾਗਮ ਦੇ ਆਯੋਜਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੀ ਸਾਰੀ ਭੜਕਾਊ ਸਮੱਗਰੀ ਵਾਪਸ ਲੈਣ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੇ ਮਦੁਰਾਈ ਦੀ ਰਹਿਣ ਵਾਲੀ ਮਨੀਮੇਕਲਾਈ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਜ਼ਿੰਦਾ ਰਹਿਣ ਤੱਕ ਨਿਡਰ ਹੋ ਕੇ ਆਪਣੀ ਆਵਾਜ਼ ਬੁਲੰਦ ਕਰੇਗੀ।
 

Vandana

This news is Content Editor Vandana