18 ਸਾਲਾ ਬਾਅਦ ਭੈਣ ਨੇ ਲੱਭਿਆ ਇਟਲੀ 'ਚ ਲਾਪਤਾ ਹੋਇਆ ਭਰਾ, ਕਿਹਾ-ਘਰ ਛੇਤੀ ਆ ਜਾਓ ਵੀਰ ਜੀ (ਵੀਡੀਓ)

07/18/2017 4:57:36 PM

ਜਲੰਧਰ/ ਇਟਲੀ (ਦਲਵੀਰ ਕੈਂਥ)— ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਦੇ ਪਾਲਨ ਪੋਸ਼ਨ ਲਈ ਇਟਲੀ ਗਏ ਨੌਜਵਾਨ ਹਰਪ੍ਰੀਤ ਸਿੰਘ ਨੂੰ ਭੇਤਭਰੇ ਹਾਲਤ 'ਚ ਲਾਪਤਾ ਹੋਏ ਨੂੰ 18 ਸਾਲ ਹੋ ਚੁੱਕੇ ਹਨ, ਜਿਸ ਦਾ ਕੋਈ ਥਹੁੰ ਪਤਾ ਨਹੀਂ ਲੱਗਿਆ। ਜਗ ਬਾਣੀ ਵਲੋਂ ਨਸ਼ਰ ਕੀਤੀਆਂ ਗਈਆਂ ਖਬਰਾਂ ਅਤੇ ਭੈਣ ਗੁਰਪ੍ਰੀਤ ਕੌਰ ਦੇ ਅਥਾਹ ਪਿਆਰ ਸਦਕਾ ਅੱਜ ਹਰਪ੍ਰੀਤ ਬਾਰੇ ਪਤਾ ਲੱਗ ਚੁੱਕਾ ਹੈ। ਹਰਪ੍ਰੀਤ ਦੀ ਭੈਣ ਗੁਰਪ੍ਰੀਤ ਕੌਰ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਮਾਤਾ ਜੋਗਿੰਦਰ ਕੌਰ ਜੋ ਸ਼ਿਮਲਾ ਰਹਿੰਦੇ ਹਨ ਅਤੇ ਮੇਰੇ ਮਾਮਾ ਜੀ ਦੀ ਬੇਟੀ ਅਮਨਦੀਪ ਕੌਰ ਜਿਸ ਨੇ ਹਰਪ੍ਰੀਤ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ। ਗੁਰਪ੍ਰੀਤ ਨੇ ਦੱਸਿਆ ਕਿ ਜਗ ਬਾਣੀ 'ਚ ਭਰਾ ਦੀ ਖਬਰ ਨਸ਼ਰ ਹੋਣ ਤੋਂ ਬਾਅਦ ਉਸ ਨੇ ਫੇਸਬੁੱਕ 'ਤੇ ਆਪਣੇ ਭਰਾ ਦੀ ਆਈ. ਡੀ. ਲੱਭੀ ਅਤੇ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ। ਫਿਰ ਇਕ ਦਿਨ ਉਸ ਆਈ. ਡੀ. ਤੋਂ ਉਸ ਨੂੰ ਰਾਤ 2.30 ਵਜੇ ਫੋਨ ਆਇਆ।

ਗੁਰਪ੍ਰੀਤ ਨੇ ਕਿਹਾ ਕਿ ਉਸ ਨੇ ਪੁੱਛਿਆ ਕਿ ਤੁਸੀਂ ਹਰਪ੍ਰੀਤ ਬੋਲ ਰਹੇ ਹੋ ਉਨ੍ਹਾਂ ਕਿਹਾ ਕਿ ਹਾਂ, 'ਮੈਂ ਹਰਪ੍ਰੀਤ ਬੋਲ ਰਿਹਾ ਹਾਂ' ਤੇ 'ਮੈਂ ਦੱਸਿਆ ਕਿ ਮੈਂ ਤੁਹਾਡੀ ਛੋਟੀ ਭੈਣ ਗੁਰਪ੍ਰੀਤ ਕੌਰ' ਤੁਸੀਂ ਪਛਾਣਿਆ। ਫਿਰ ਉਨ੍ਹਾਂ ਮਾਤਾ-ਪਿਤਾ ਬਾਰੇ ਪੁੱਛਿਆ, ਜਦੋਂ ਪਿਤਾ ਦੀ ਮੌਤ ਦੀ ਖਬਰ ਉਨ੍ਹਾਂ ਨੂੰ ਦੱਸੀ ਤਾਂ ਉਹ ਬਹੁਤ ਰੋਏ। ਗੁਰਪ੍ਰੀਤ ਨੇ ਆਪਣੇ ਭਰਾ ਹਰਪ੍ਰੀਤ ਨੂੰ ਦੱਸਿਆ ਕਿ ਹੁਣ ਉਸ ਦਾ ਵਿਆਹ ਹੋ ਚੁੱਕਾ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ।

ਗੁਰਪ੍ਰੀਤ ਨੇ ਦੱਸਿਆ ਕਿ ਸਾਡੀ ਹੁਣ ਉਨ੍ਹਾਂ ਨਾਲ ਕਈ ਵਾਰ ਗੱਲ ਹੋ ਚੁੱਕੀ ਹੈ ਕਈ ਵਾਰ ਤਾਂ ਵੀਡੀਓ ਕਾਲ ਵੀ ਹੋ ਚੁੱਕੀ ਹੈ। ਮੇਰੇ ਮਾਤਾ ਜੀ ਵੀ ਹਰਪ੍ਰੀਤ ਵੀਰ ਨਾਲ ਗੱਲ ਕਰ ਚੁੱਕੇ ਹਨ। ਗੁਰਪ੍ਰੀਤ ਨੇ ਕਿਹਾ ਕਿ ਉਸ ਨੂੰ ਆਪਣੇ ਭਰਾ ਦੇ ਜਲੰਧਰ ਆਉਣ ਦੀ ਉਡੀਕ ਹੈ ਹੁਣ ਉਹ ਜਲਦੀ ਵਾਪਸ ਆ ਜਾਣ ਤਾਂ ਜੋ ਉਹ ਆਪਣੇ ਭਰਾ ਦੇ ਗਲ ਲੱਗ ਕੇ ਰੋ ਲਵੇ।

ਜ਼ਿਕਰਯੋਗ ਹੈ ਕਿ ਹਰਪ੍ਰੀਤ ਸਿੰਘ 8 ਅਗਸਤ 1999 ਨੂੰ ਇਟਲੀ ਚਲਾ ਗਿਆ ਸੀ ਅਤੇ ਦੋ ਸਾਲ ਤੱਕ ਪਰਿਵਾਰ ਨਾਲ ਫੋਨ 'ਤੇ ਗੱਲ ਹੁੰਦੀ ਰਹੀ ਪਰ ਬਾਅਦ 'ਚ ਹਰਪ੍ਰੀਤ ਦਾ ਕੁਝ ਪਤਾ ਨਹੀਂ ਲੱਗਾ।