ਆਸਟ੍ਰੇਲੀਆ 'ਚ ਦੋਸਤ ਦੇ ਜਨਮ ਦਿਨ ਦਾ ਜਸ਼ਨ ਮਨਾਉਣ ਗਏ 15 ਸਾਲਾ ਅਫਰੀਕੀ ਮੁੰਡੇ ਦੀ ਮੌਤ

12/19/2017 4:54:50 PM

ਦੱਖਣੀ ਆਸਟ੍ਰੇਲੀਆ (ਏਜੰਸੀ)— ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਦੇ ਗਲੇਨਲਗ ਬੀਚ 'ਚ ਡੁੱਬਣ ਕਾਰਨ ਇਕ 15 ਸਾਲਾ ਅਫਰੀਕੀ ਮੁੰਡੇ ਦੀ ਮੌਤ ਹੋ ਗਈ। ਮੁੰਡੇ ਦਾ ਨਾਂ ਏਲੀਅਸ ਨਿਮਬੋਨਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਦੋਸਤ ਦੀ ਜਨਮ ਦਿਨ ਦਾ ਜਸ਼ਨ ਮਨਾਉਣ ਲਈ ਗਿਆ ਸੀ ਅਤੇ ਤਾਂ ਉਹ ਗਾਇਬ ਹੋ ਗਿਆ। ਇਹ ਘਟਨਾ ਸਥਾਨਕ ਸਮੇਂ ਅਨੁਸਾਰ 2.30 ਵਜੇ ਦੀ ਹੈ। ਬਚਾਅ ਟੀਮ ਦੇ ਅਧਿਕਾਰੀਆਂ ਨੂੰ ਤਕਰੀਬਨ ਦੋ ਘੰਟੇ ਬਾਅਦ ਬੇਹੋਸ਼ੀ ਦੀ ਹਾਲਤ 'ਚ ਮਿਲਿਆ। ਉਸ ਦੇ ਸਰੀਰ 'ਚੋਂ ਪਾਣੀ ਕੱਢਿਆ ਗਿਆ। ਮੌਕੇ 'ਤੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱੱਕੀ ਸੀ। ਅਧਿਕਾਰੀ ਉਸ ਨੂੰ ਬਚਾਉਣ 'ਚ ਅਸਫਲ ਰਹੇ। ਏਲੀਅਸ ਆਪਣੇ ਮਾਤਾ-ਪਿਤਾ ਨਾਲ 10 ਸਾਲ ਪਹਿਲਾਂ ਪੂਰਬੀ ਅਫਰੀਕੀ ਰਾਸ਼ਟਰ ਬਰੂੰਡੀ ਤੋਂ ਆਸਟ੍ਰੇਲੀਆ ਆਇਆ ਸੀ।
ਏਲੀਅਸ ਦੇ ਇਕ ਪਰਿਵਾਰਕ ਦੋਸਤ ਨੇ ਦੱਸਿਆ ਕਿ ਉਹ ਬਹੁਤ ਹੀ ਪਿਆਰਾ ਸੀ, ਅਸੀਂ ਉਸ ਨੂੰ ਬਹੁਤ ਪਿਆਰ ਕਰਦੇ ਸੀ। ਉਸ ਦੀ ਮੌਤ ਦੀ ਖਬਰ ਸੁਣ ਕੇ ਸਾਨੂੰ ਬਹੁਤ ਹੈਰਾਨੀ ਹੋਈ। ਦੱਸਣਯੋਗ ਹੈ ਕਿ ਗਲੇਨਲਗ ਬੀਚ 'ਤੇ ਇਸ ਤਰ੍ਹਾਂ ਮੌਤ ਦੇ ਮੂੰਹ 'ਚ ਜਾਣ ਦੀ ਇਹ ਦੂਜੀ ਘਟਨਾ ਹੈ। 8 ਦਿਨ ਪਹਿਲਾਂ ਹੀ 15 ਸਾਲਾ ਭਾਰਤੀ ਲੜਕੀ ਨਿਤੀਸ਼ਾ ਨੇਗੀ ਦੀ ਇਸੇ ਬੀਚ 'ਚ ਡੁੱਬਣ ਕਾਰਨ ਮੌਤ ਹੋ ਗਈ ਸੀ। ਨਿਤੀਸ਼ਾ ਇੱਥੇ ਸਕੂਲ ਪੱਧਰ 'ਤੇ ਫੁੱਟਬਾਲ ਮੁਕਾਬਲੇ 'ਚ ਹਿੱਸਾ ਲੈਣ ਆਈ ਸੀ। ਉਹ ਆਪਣੀਆਂ 4 ਹੋਰ ਸਾਥੀ ਖਿਡਾਰਣਾਂ ਨਾਲ ਬੀਚ 'ਚ ਤੈਰਨ ਲਈ ਆਈ ਸੀ। ਡੁੱਬਣ ਕਾਰਨ ਉਸ ਦੀ ਮੌਤ ਹੋ ਗਈ ਅਤੇ ਉਸ ਦੀਆਂ ਸਾਥੀ ਖਿਡਾਰਣਾਂ ਨੂੰ ਬਚਾਅ ਲਿਆ ਗਿਆ ਸੀ।