ਅਫਰੀਕੀ ''ਸਨਿਫਰ'' ਚੂਹੇ ਨੂੰ ਮਿਲਿਆ ''ਬਹਾਦਰੀ ਪੁਰਸਕਾਰ'', ਬਚਾਈ ਸੀ ਹਜ਼ਾਰਾਂ ਲੋਕਾਂ ਦੀ ਜਾਨ

09/26/2020 2:08:29 AM

ਡੋਡੋਮਾ - ਅਫਰੀਕੀ ਨਸਲ ਦੇ ਇਕ ਵਿਸ਼ਾਲ ਚੂਹੇ ਨੂੰ ਬ੍ਰਿਟੇਨ ਦੀ ਇਕ ਸੰਸਥਾ ਨੇ ਬਹਾਦਰੀ ਲਈ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਹੈ। ਇਸ ਚੂਹੇ ਨੇ ਕੰਬੋਡੀਆ ਵਿਚ ਆਪਣੇ ਸੁੰਘਣ ਦੀ ਸਮੱਰਥਾ ਨਾਲ 39 ਬਾਰੂਦੀ ਸੁਰੰਗਾਂ ਦਾ ਪਤਾ ਲਗਾਇਆ ਸੀ। ਜ਼ਿਕਰਯੋਗ ਹੈ ਕਿ ਆਪਣੇ ਕੰਮ ਦੌਰਾਨ ਇਸ ਚੂਹੇ ਨੇ 28 ਜਿਊਂਦੇ ਵਿਸਫੋਟਕਾਂ ਦਾ ਵੀ ਪਤਾ ਲਾ ਕੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਹੈ। ਅਫਰੀਕਾ ਦੇ ਇਸ ਜੁਆਇੰਟ ਪਾਉਚਡ ਚੂਹੇ ਦਾ ਨਾਂ ਮਾਗਾਵਾ ਹੈ ਜੋ 7 ਸਾਲ ਦਾ ਹੈ।

ਗੋਲਡ ਮੈਡਲ ਨਾਲ ਸਨਮਾਨਿਤ ਹੋਇਆ ਚੂਹਿਆ
ਸ਼ੁੱਕਰਵਾਰ ਨੂੰ ਬ੍ਰਿਟੇਨ ਦੀ ਚੈਰਿਟੀ ਸੰਸਥਾ ਪੀ. ਡੀ. ਐੱਸ. ਏ. ਨੇ ਇਸ ਚੂਹੇ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਗੋਲਡ ਮੈਡਲ ਪ੍ਰਦਾਨ ਕੀਤਾ। ਮਾਗਾਵਾ ਨੂੰ ਇਸ ਕੰਮ ਦੇ ਲਈ ਚੈਰਿਟੀ ਸੰਸਥਾ ਏ. ਪੀ. ਓ. ਪੀ. ਓ. ਨੇ ਟ੍ਰੈਂਡ (ਮਾਹਿਰ) ਬਣਾਇਆ ਸੀ। ਇਸ ਚੈਰਿਟੀ ਨੇ ਦੱਸਿਆ ਕਿ ਮਾਗਾਵਾ ਨੇ ਆਪਣੇ ਕੰਮ ਨਾਲ ਕੰਬੋਡੀਆ ਵਿਚ 20 ਫੁੱਟਬਾਲ ਮੈਦਾਨਾਂ (1,41,000 ਵਰਗ ਮੀਟਰ) ਦੇ ਬਰਾਬਰ ਦੇ ਖੇਤਰ ਨੂੰ ਬਾਰੂਦੀ ਸੁਰੰਗਾਂ ਅਤੇ ਵਿਸਫੋਟਕਾਂ ਤੋਂ ਮੁਕਤ ਕੀਤਾ ਹੈ।

ਇਨਸਾਨ ਤੋਂ ਕਈ ਗੁਣਾ ਤੇਜ਼ ਹੈ ਇਹ ਚੂਹਾ
ਮਾਗਾਵਾ ਦਾ ਭਾਰ 1.2 ਕਿਲੋ ਹੈ, ਇਸ ਲਈ ਬਾਰੂਦੀ ਸੁਰੰਗ ਦੇ ਉਪਰ ਤੋਂ ਚੱਲਣ ਦੇ ਸਮੇਂ ਵੀ ਇਸ ਦੇ ਭਾਰ ਨਾਲ ਧਮਾਕਾ ਨਹੀਂ ਹੁੰਦਾ ਹੈ। ਇਹ ਇੰਨਾ ਮਾਹਿਰ ਹੈ ਕਿ ਸਿਰਫ 30 ਮਿੰਟ ਵਿਚ ਇਕ ਟੈਨਿਸ ਕੋਰਟ ਦੇ ਬਰਾਬਰ ਏਰੀਏ ਨੂੰ ਸੁੰਘ ਕੇ ਜਾਂਚ ਕਰ ਸਕਦਾ ਹੈ। ਜਦਕਿ, ਇੰਨੇ ਵੱਡੇ ਖੇਤਰ ਨੂੰ ਇਕ ਆਮ ਇਨਸਾਨ ਬੰਬ ਡਿਟੈਕਟਰ ਦੀ ਮਦਦ ਨਾਲ ਕਰੀਬ 4 ਦਿਨਾਂ ਵਿਚ ਜਾਂਚ ਕਰ ਪਾਵੇਗਾ। ਇਸ ਦੌਰਾਨ ਉਸ ਦੇ ਭਾਰ ਨਾਲ ਧਮਾਕੇ ਦਾ ਵੀ ਖਤਰਾ ਬਣਿਆ ਰਹੇਗਾ।

ਚੂਹਿਆਂ ਨੂੰ ਟ੍ਰੇਨਿੰਗ ਦੇਣ ਵਾਲੀ ਏਜੰਸੀ
ਇਨਾਂ ਚੂਹਿਆਂ ਨੂੰ ਚੈਰਿਟੀ ਸੰਸਥਾ ਏ. ਪੀ. ਓ. ਪੀ. ਓ. ਟ੍ਰੈਂਡ ਕਰਦੀ ਹੈ। ਇਹ ਸੰਸਥਾ ਬੈਲਜ਼ੀਅਮ ਵਿਚ ਰਜਿਸਟਰਡ ਹੈ ਅਤੇ ਅਫਰੀਕੀ ਦੇਸ਼ ਤੰਜ਼ਾਨੀਆ ਵਿਚ ਕੰਮ ਕਰਦੀ ਹੈ। ਇਹ ਸੰਸਥਾ 1990 ਤੋਂ ਹੀ ਮਾਗਾਵਾ ਜਿਹੇ ਵਿਸ਼ਾਲ ਚੂਹਿਆਂ ਨੂੰ ਟ੍ਰੇਨਿੰਗ ਦੇ ਰਹੀ ਹੈ। ਇਕ ਚੂਹੇ ਨੂੰ ਟ੍ਰੇਨਿੰਗ ਦੇਣ ਵਿਚ ਇਸ ਸੰਸਥਾਨ ਨੂੰ ਇਕ ਸਾਲ ਦਾ ਸਮਾਂ ਲੱਗਦਾ ਹੈ। ਇਸ ਤੋਂ ਬਾਅਦ ਉਸ ਚੂਹੇ ਨੂੰ ਹੀਰੋ ਰੈਟ ਦੀ ਉਪਾਧੀ ਦਿੱਤੀ ਜਾਂਦੀ ਹੈ। ਪੂਰੀ ਤਰ੍ਹਾਂ ਟ੍ਰੈਂਡ ਅਤੇ ਪ੍ਰਮਾਣਿਤ ਹੋਣ ਤੋਂ ਬਾਅਦ ਇਹ ਚੂਹੇ ਸਨਿਫਰ ਡਾਗ ਦੀ ਤਰ੍ਹਾਂ ਕੰਮ ਕਰਦੇ ਹਨ।

ਕੰਬੋਡੀਆ ਵਿਚ ਕਿੱਥੋਂ ਆਈਆਂ ਬਾਰੂਦੀ ਸੁਰੰਗਾਂ
ਕੰਬੋਡੀਆ 1970 ਤੋਂ 1980 ਦੇ ਦਹਾਕੇ ਵਿਚ ਭਿਆਨਕ ਗ੍ਰਹਿ ਯੁੱਧ ਤੋਂ ਪ੍ਰਭਾਵਿਤ ਰਿਹਾ ਹੈ। ਇਸ ਦੌਰਾਨ ਦੁਸ਼ਮਣਾਂ ਨੂੰ ਮਾਰਨ ਲਈ ਵੱਡੇ ਪੈਮਾਨੇ 'ਤੇ ਬਾਰੂਦੀ ਸੁਰੰਗਾਂ ਵਿਛਾਈਆਂ ਗਈਆਂ ਸਨ। ਪਰ, ਗ੍ਰਹਿ ਯੁੱਧ ਦੇ ਖਤਮ ਹੋਣ ਤੋਂ ਬਾਅਦ ਇਹ ਸੁਰੰਗਾਂ ਹੁਣ ਇਥੋਂ ਦੇ ਆਮ ਲੋਕਾਂ ਦੀ ਜਾਨ ਲੈ ਰਹੀਆਂ ਹਨ। ਇਕ ਗੈਰ-ਸਰਕਾਰੀ ਸੰਗਠਨ ਮੁਤਾਬਕ, ਕੰਬੋਡੀਆ ਵਿਚ ਬਾਰੂਦੀ ਸੁਰੰਗਾਂ ਕਾਰਨ 1979 ਤੋਂ ਹੁਣ ਤੱਕ 64 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ ਜਦਕਿ 25 ਹਜ਼ਾਰ ਤੋਂ ਜ਼ਿਆਦਾ ਜ਼ਖਮੀ ਹੋਏ ਹਨ।

ਹਰ ਸਾਲ ਜਾਨਵਰਾਂ ਨੂੰ ਸਨਮਾਨਿਤ ਕਰਦੀ ਹੈ ਇਹ ਸੰਸਥਾ
ਬ੍ਰਿਟਿਸ਼ ਚੈਰਿਟੀ ਪੀ. ਡੀ. ਐੱਸ. ਏ. ਹਰ ਸਾਲ ਬਿਹਤਰੀਨ ਕੰਮ ਕਰਨ ਵਾਲੇ ਜਾਨਵਰਾਂ ਨੂੰ ਸਨਮਾਨਿਤ ਕਰਦੀ ਹੈ। ਇਸ ਸੰਸਥਾ ਦੇ 77 ਸਾਲ ਦੇ ਲੰਬੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਚੂਹੇ ਨੇ ਇਸ ਤਰ੍ਹਾਂ ਦਾ ਪੁਰਸਕਾਰ ਜਿੱਤਿਆ ਹੈ।

Khushdeep Jassi

This news is Content Editor Khushdeep Jassi