ਅਫ਼ਰੀਕਾ ਦੇ ਦੁਰਲੱਭ ਗਲੇਸ਼ੀਅਰ ਅਗਲੇ ਦੋ ਦਹਾਕਿਆਂ ’ਚ ਹੋ ਸਕਦੇ ਹਨ ਸਮਾਪਤ: ਜਲਵਾਯੂ ਰਿਪੋਰਟ

10/19/2021 5:02:46 PM

ਨੈਰੋਬੀ (ਭਾਸ਼ਾ) : ਜਲਵਾਯੂ ਤਬਦੀਲੀ ਕਾਰਨ ਅਫ਼ਰੀਕਾ ਮਹਾਂਦੀਪ ਦੇ ਦੁਰਲੱਭ ਗਲੇਸ਼ੀਅਰ ਅਗਲੇ 2 ਦਹਾਕਿਆਂ ਵਿਚ ਅਲੋਪ ਹੋ ਸਕਦੇ ਹਨ। ਮੰਗਲਵਾਰ ਨੂੰ ਇਕ ਨਵੀਂ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐਮ.ਓ.) ਅਤੇ ਹੋਰ ਏਜੰਸੀਆਂ ਦੀ ਰਿਪੋਰਟ ਸਕਾਟਲੈਂਡ ਵਿਚ 31 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਤੋਂ ਪਹਿਲਾਂ ਜਾਰੀ ਕੀਤੀ ਗਈ। ਇਸ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਮਹਾਂਦੀਪ ਦੇ ਗਲੋਬਲ ਔਸਤ ਤੋਂ ਜ਼ਿਆਦਾ ਤੇਜ਼ੀ ਨਾਲ ਗਰਮ ਹੋਣ ਕਾਰਨ ਅਫ਼ਰੀਕਾ ਦੀ 1.3 ਅਰਬ ਆਬਾਦੀ ਨਾਜ਼ੁਕ ਸਥਿਤੀ ਵਿਚ ਹੋਵੇਗੀ, ਜਦੋਂਕਿ ਅਫ਼ਰੀਕਾ ਦੇ 54 ਦੇਸ਼ 4 ਫ਼ੀਸਦੀ ਤੋਂ ਘੱਟ ਗਲੋਬਲ ਗ੍ਰੀਨ ਹਾਊਸ ਗੈਸ ਦੇ ਨਿਕਾਸ ਲਈ ਜ਼ਿੰਮੇਵਾਰ ਹਨ।

ਨਵੀਂ ਰਿਪੋਰਟ ਵਿਚ ਮਾਊਂਟ ਕਿਲੀਮੰਜਾਰ, ਮਾਊਂਟ ਕੀਨੀਆ ਅਤੇ ਯੂਗਾਂਡਾ ਦੇ ਵੇਨਜੋਰੀ ਪਰਬਤਾਂ ’ਤੇ ਗਲੇਸ਼ੀਅਰਾਂ ਦਾ ਆਕਾਰ ਘੱਟ ਹੋਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ, ਜੋ ਆਉਣ ਵਾਲੇ ਵਿਆਪਕ ਬਦਲਾਵਾਂ ਦਾ ਸੰਕੇਤ ਦਿੰਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ, ‘ਉਨ੍ਹਾਂ ਦੇ ਪਿਘਲਣ ਦੀ ਮੌਜੂਦਾ ਦਰ ਗਲੋਬਲ ਔਸਤ ਤੋਂ ਜ਼ਿਆਦਾ ਬਣੀ ਹੋਈ ਹੈ। ਜੇਕਰ ਅਜਿਹਾ ਰਿਹਾ ਤਾਂ 2040 ਦੇ ਦਹਾਕੇ ਤੱਕ ਗਲੇਸ਼ੀਅਰ ਪੂਰੀ ਤਰ੍ਹਾਂ ਸਮਾਪਤ ਹੋ ਜਾਣਗੇ।’ ਡਬਲਯੂ.ਐਮ.ਓ. ਦੇ ਜਨਰਲ ਸਕੱਤਰ ਪੇਟੇਰੀ ਤਾਲਸ ਨੇ ਮੰਗਲਵਾਰ ਨੂੰ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ ਭਵਿੱਖ ਵਿਚ ਵੱਡੇ ਪੱਧਰ ’ਤੇ ਉਜਾੜਾ, ਭੁੱਖ, ਸੋਕੇ ਅਤੇ ਹੜ੍ਹ ਵਰਗੀਆਂ ਵਧਦੀਆਂ ਜਲਵਾਯੂ ਤਬਦੀਲੀਆਂ ਦਾ ਖ਼ਤਰਾ ਹੈ ਅਤੇ ਅਜਿਹੇ ਵਿਚ ਵੀ ਅਫ਼ਰੀਕਾ ਦੇ ਹਿੱਸਿਆਂ ਵਿਚ ਜਲਵਾਯੂ ਸਬੰਧੀ ਅੰਕੜਿਆਂ ਦੀ ਕਮੀ ਲੱਖਾਂ ਲੋਕਾਂ ਨੂੰ ਆਫ਼ਤ ਸਬੰਧੀ ਚਿਤਾਵਨੀ ਦੇਣ ’ਤੇ ਵੱਡਾ ਅਸਰ ਪਾ ਰਹੀ ਹੈ।

cherry

This news is Content Editor cherry