ਅਫਗਾਨਿਸਤਾਨ ''ਚੋਂ ਸਾਰੀ ਫੌਜ ਵਾਪਸ ਨਹੀਂ ਲਿਆਂਦੀ ਜਾਵੇਗੀ : ਟਰੰਪ

08/21/2019 11:17:19 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਅਫਗਾਨਿਸਤਾਨ ਤੋਂ ਪੂਰੀ ਤਰ੍ਹਾਂ ਨਾਲ ਅਮਰੀਕੀ ਫੌਜੀਆਂ ਦੀ ਵਾਪਸੀ ਨਹੀਂ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਇਸ ਯੁੱਧਗ੍ਰਸਤ ਦੇਸ਼ 'ਚ 'ਮੌਜੂਦ' ਰਹਿਣਾ ਹੀ ਪਵੇਗਾ। ਟਰੰਪ ਨੇ ਆਪਣੇ ਓਵਲ ਦਫਤਰ 'ਚ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ,''ਸਾਡੇ ਕੋਲ ਖੁਫੀਆ ਜਾਣਕਾਰੀ ਰਹੇਗੀ ਅਤੇ ਸਾਡੇ ਵਲੋਂ ਕੋਈ ਨਾ ਕੋਈ ਉੱਥੇ ਹਮੇਸ਼ਾ ਮੌਜੂਦ ਰਹੇਗਾ। ਟਰੰਪ ਅਫਗਾਨਿਸਤਾਨ 'ਚ ਤਾਲਿਬਾਨ ਨਾਲ ਚੱਲ ਰਹੀ ਸ਼ਾਂਤੀ ਗੱਲਬਾਤ 'ਤੇ ਪੱਤਰਕਾਰਾਂ ਦੇ ਪ੍ਰਸ਼ਨਾਂ ਦੇ ਉੱਤਰ ਦੇ ਰਹੇ ਸਨ।

ਉਨ੍ਹਾਂ ਕਿਹਾ ਕਿ ਉਹ ਕਈ ਬਦਲਾਂ 'ਤੇ ਧਿਆਨ ਦੇਣਾ ਚਾਹੁਣਗੇ। ਉਨ੍ਹਾਂ ਕਿਹਾ,''ਇਕ ਬਦਲ ਤਾਂ ਅਜੇ ਚੱਲ ਹੀ ਰਿਹਾ ਹੈ। ਅਸੀਂ ਇਕ ਯੋਜਨਾ ਦੇ ਬਾਰੇ ਗੱਲ ਕਰ ਰਹੇ ਹਾਂ 'ਮੈਨੂੰ ਪਤਾ ਨਹੀਂ ਕਿ ਮੈਨੂੰ ਇਹ ਯੋਜਨਾ ਸਵਿਕਾਰ ਕਰਨੀ ਚਾਹੀਦੀ ਹੈ ਜਾਂ ਨਹੀਂ। ਹੋ ਸਕਦਾ ਹੈ ਕਿ ਉਹ ਇਸ ਨੂੰ ਸਵਿਕਾਰ ਨਾ ਕਰਨ ਪਰ ਅਸੀਂ ਗੱਲ ਕਰ ਰਹੇ ਹਾਂ। ਸਾਡੀ ਚੰਗੀ ਗੱਲਬਾਤ ਚੱਲ ਰਹੀ ਹੈ ਅਤੇ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ। ਹੋਰ ਰਾਸ਼ਟਰਪਤੀਆਂ ਨੇ ਜੋ ਕੀਤਾ ਹੈ, ਇਹ ਉਸ ਤੋਂ ਜ਼ਿਆਦਾ ਹੈ।''
ਟਰੰਪ ਨੇ ਅਫਗਾਨਿਸਤਾਨ 'ਚੋਂ ਪੂਰੀ ਤਰ੍ਹਾਂ ਨਾਲ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਇਨਕਾਰ ਕਰਦੇ ਹੋਏ ਕਿਹਾ,''ਅਸੀਂ ਗਿਣਤੀ ਘੱਟ ਕੀਤੀ ਹੈ। ਅਸੀਂ ਆਪਣੇ ਕੁਝ ਫੌਜੀਆਂ ਨੂੰ ਵਾਪਸ ਲਿਆ ਰਹੇ ਹਾਂ ਪਰ ਸਾਨੂੰ ਉੱਥੇ ਆਪਣੀ ਮੌਜੂਦਗੀ ਰੱਖਣੀ ਹੋਵੇਗੀ।''